ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਸ਼ਹਿਰ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮੌਕੇ ਆਯੋਜਿਤ ਮੁੱਖ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਦੇ ਸੰਘੀ ਮੰਤਰੀ ਸਰਦਾਰ ਮੁਹੰਮਦ ਯੂਸਫ਼ ਨੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਪਾਕਿ ਪਹੁੰਚੀ ਸੰਗਤ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਪਾਕਿ 'ਚ ਰਹਿੰਦੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੀ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ | ਸਮਾਰੋਹ 'ਚ ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਜਾਰੀ ਆਦੇਸ਼ਾਂ ਮੁਤਾਬਿਕ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਧਾਰਮਿਕ ਇਤਿਹਾਸਕ ਅਸਥਾਨਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਕਿਹਾ ਕਿ ਦੇਸ਼ ਭਰ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੇ ਨਵੀਨੀਕਰਨ, ਬਹਾਲੀ ਅਤੇ ਮਹਿਮਾਨ ਨਿਵਾਜੀ ਲਈ ਜ਼ੋਰਦਾਰ ਕਦਮ ਚੁੱਕੇ ਗਏ ਹਨ | ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਕਿਹਾ ਕਿ ਸਿੱਖ ਭਾਈਚਾਰੇ ਦਾ ਪਾਕਿਸਤਾਨ ਨਾਲ ਅਧਿਆਤਮਿਕ ਸੰਬੰਧ ਹੈ ਅਤੇ ਸਰਕਾਰ ਉਨ੍ਹਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਹੈ | ਸੰਘੀ ਮੰਤਰੀ ਖੇਲ ਦਾਸ ਕੋਹਿਸਤਾਨੀ ਨੇ ਕਿਹਾ ਕਿ ਪਾਕਿ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਿਹਾਰਕ ਕਦਮ ਚੁੱਕ ਰਿਹਾ ਹੈ | ਇਸ ਸਮਾਰੋਹ 'ਚ ਕੈਨੇਡਾ, ਆਸਟ੍ਰੇਲੀਆ ਅਤੇ ਅਜ਼ਰਬਾਈਜਾਨ ਦੇ ਰਾਜਦੂਤਾਂ ਸਮੇਤ ਹੋਰ ਉੱਚ-ਪੱਧਰੀ ਅਧਿਕਾਰੀ ਸ਼ਾਮਿਲ ਹੋਏ |