20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ, ਹਰਿਆਣਾ ਤੇ ਭਾਰਤ ਦੇ ਬਾਸਮਤੀ ਚਾਵਲ ਨਿਰਯਾਤਕ ਮੁਸ਼ਕਿਲ 'ਚ <br/>

Ad Position 21
No active advertisement
ਅਜੀਤ ਡੈਸਕ 17-04-2026
ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਮਾਰਚ ਮਹੀਨੇ ਵਿਚ ਪੰਜਾਬ ਅਤੇ ਭਾਰਤ ਦੇ ਬਾਸਮਤੀ ਚਾਵਲ ਨਿਰਯਾਤਕਾਂ ਨੂੰ ਵੱਡਾ ਝਟਕਾ ਲੱਗਾ ਹੈ | ਬੀਮਾ ਅਤੇ ਢੋਆ ਢੁਆਈ ਦੀਆਂ ਵਧਦੀਆਂ ਕੀਮਤਾਂ ਅਤੇ ਰਸਤੇ ਵਿਚ ਫਸੇ ਮਾਲ 'ਤੇ ਪੈ ਰਿਹਾ ਖਰਚਾ ਇੰਨਾ ਜ਼ਿਆਦਾ ਹੈ ਕਿ ਕਈ ਨਿਰਯਾਤਕ ਆਪਣਾ ਮਾਲ ਛੱਡਣ 'ਤੇ ਹੀ ਮਜਬੂਰ ਹੋ ਰਹੇ ਹਨ | ਕਈ ਨਿਰਯਾਤਕਾਰਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ | ਜਿਸ ਨਾਲ ਪੰਜਾਬ, ਹਰਿਆਣਾ ਦੇ ਚਾਵਲ ਉਤਪਾਦਕਾਂ ਨੂੰ ਵੱਡੀ ਮੁਸ਼ਕਿਲ 'ਚੋਂ ਲੰਘਣਾ ਪੈ ਰਿਹਾ ਹੈ | ਖ਼ਾਸ ਤੌਰ 'ਤੇ ਪ੍ਰੀਮੀਅਮ ਬਾਸਮਤੀ ਚਾਵਲ ਦੇ ਨਿਰਯਾਤ ਵਿਚ ਭਾਰੀ ਗਿਰਾਵਟ ਨੇ ਖੇਤੀ ਵਸਤਾਂ ਦੇ ਵਪਾਰ ਵਿਚ ਭੂ-ਰਾਜਨੀਤਿਕ ਤਣਾਅ ਤੇ ਢੋਆ-ਢੁਆਈ ਸਬੰਧੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ, ਇਹ ਸਮੱਸਿਆ ਮੱਧ ਪੂਰਬ ਦੇ ਮਾਰਗਾਂ 'ਤੇ ਜ਼ਿਆਦਾ ਹੈ | ਜਿੱਥੇ ਭਾਰਤ ਲਗਭਗ 70 ਫ਼ੀਸਦੀ ਬਾਸਮਤੀ ਨਿਰਯਾਤ ਕਰਦਾ ਹੈ | ਉਦਯੋਗਪਤੀਆਂ ਅਤੇ ਨਿਰਯਾਤ ਦੇ ਡਾਟੇ ਅਨੁਸਾਰ ਬਾਸਮਤੀ ਵਿਚ ਇਹ ਗਿਰਾਵਟ ਮੰਗ ਵਿਚ ਕਮਜ਼ੋਰੀ ਜਾਂ ਉਤਪਾਦਨ ਦੀ ਕਮੀ ਕਾਰਨ ਨਹੀਂ, ਸਗੋਂ ਖੇਤਰੀ ਸੰਘਰਸ਼ਾਂ ਨਾਲ ਜੁੜੇ ਸਮੁੰਦਰੀ ਰਾਹਾਂ, ਬੰਦਰਗਾਹਾਂ ਅਤੇ ਅਦਾਇਗੀ ਦੇ ਭੁਗਤਾਨ ਵਿਚ ਰੁਕਾਵਟ ਕਾਰਨ ਆਈ ਹੈ |
ਭੂ-ਰਾਜਨੀਤਿਕ ਤਣਾਅ ਨੇ ਵਪਾਰੀਆਂ ਨੂੰ ੂ ਹਿੱਲਾਕੇ ਰੱਖ ਦਿੱਤਾ
ਭਾਰਤੀ ਬਾਸਮਤੀ ਚਾਵਲ ਦਾ ਸਭ ਤੋਂ ਵੱਡੇ ਖ਼ਰੀਦਦਾਰ ਮੱਧ ਪੂਰਬ ਦੇਸ਼ ਹਨ | ਕਈ ਹਫ਼ਤਿਆਂ ਤੋਂ ਤਣਾਅ ਨੇ ਲਾਲ ਸਾਗਰ ਅਤੇ ਆਸ-ਪਾਸ ਦੇ ਮਹੱਤਵਪੂਰਨ ਸਮੁੰਦਰੀ ਰਾਹਾਂ 'ਤੇ ਗੰਭੀਰ ਅਸਰ ਪਾਇਆ ਹੈ | ਖੇਤਰ ਦੀਆਂ ਕਈ ਵੱਡੀਆਂ ਬੰਦਰਗਾਹਾਂ ਨੇ ਆਪਣੀਆਂ ਗਤੀਵਿਧੀਆਂ ਘਟਾਈਆਂ ਹਨ ਜਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ | ਨਿਰਯਾਤਕਾਂਅਨੁਸਾਰ ਇਸ ਵੇਲੇ ਸਿਰਫ਼ ਓਮਾਨ, ਸਾਊਦੀ ਅਰਬ, ਜਾਰਡਨ, ਯਮਨ ਤੇ ਦੁਬਈ ਦੀਆਂ ਬੰਦਰਗਾਹਾਂ ਦੇ ਕੁਝ ਟਰਮੀਨਲ ਹੀ ਅੰਸ਼ਕ ਤੌਰ 'ਤੇ ਕੰਮ ਕਰ ਰਹੇ ਹਨ | ਜੇਕਰ ਲਾਲ ਸਾਗਰ ਅਤੇ ਏਡਨ ਦੀ ਖਾੜੀ ਨੂੰ ਜੋੜਨ ਵਾਲੇ 'ਬਾਬ-ਅਲ-ਮੰਡਾਬ ਖਾੜੀ' ਖੇਤਰ ਵਿਚ ਕਿਸੇ ਤਰ੍ਹਾਂ ਦੀ ਬੰਦਿਸ਼ ਲੱਗਦੀ ਹੈ ਜਾਂ ਤਣਾਅ ਵਧਦਾ ਹੈ ਤਾਂ ਇਹ ਬਾਸਮਤੀ ਨਿਰਯਾਤ ਹੋਰ ਵੀ ਵੱਧ ਪ੍ਰਭਾਵਿਤ ਕਰੇਗਾ |
ਬਾਸਮਤੀ ਖੇਪਾਂ ਦਾ ਨਿਰਯਾਤ ਫਸਿਆ, ਲਾਗਤ ਵਧੀ
ਪੰਜਾਬ ਅਤੇ ਹਰਿਆਣਾ ਸਮੇਤ ਭਾਰਤ ਦੇ ਨਿਰਯਾਤਕਾਂ ਦੇ ਬਾਸਮਤੀ ਚਾਵਲ ਦੀਆਂ ਵੱਡੀਆਂ ਖੇਪਾਂ ਬੰਦਰਗਾਹਾਂ ਜਾਂ ਰਾਹਾਂ ਵਿਚ ਫਸੀਆਂ ਪਈਆਂ ਹਨ | ਪੰਜਾਬ ਦੀ ਇੱਕ ਪ੍ਰਮੁੱਖ ਅਨਾਜ ਨਿਰਯਾਤ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਜੋਸਾਨਜੋ ਬਾਸਮਤੀ ਰਾਇਸ ਮਿਲਰਜ਼ ਐਂਡ ਐਕਸਪੋਰਟਰਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਨ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਵਿਚ ਭੇਜੀਆਂ ਗਈਆਂ ਬਾਸਮਤੀ ਚਾਵਲ ਦੀਆਂ ਖੇਪਾਂ ਅਜੇ ਵੀ ਵੱਖ-ਵੱਖ ਅੰਤਰਰਾਸ਼ਟਰੀ ਬੰਦਰਗਾਹਾਂ 'ਤੇ ਫਸੀਆਂ ਹੋਈਆਂ ਹਨ | ਜਿਸ ਕਾਰਨ ਸ਼ਿਪਮੈਂਟ ਕੰਪਨੀਆਂ ਬੇਬੁਨਿਆਦ ਡੇਮਰੈਜ ਤੇ ਚਾਰਜ ਲਾ ਰਹੀਆਂ ਹਨ ਜੋ ਅਕਸਰ ਮਾਲ ਦੀ ਕੀਮਤ ਤੋਂ ਵੀ ਵੱਧ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਨਿਸ਼ਚਿਤਤਾ ਨੇ ਨਵੇਂ ਸੌਦਿਆਂ ਨੂੰ ਲਗਭਗ ਰੋਕ ਦਿੱਤਾ ਹੈ | ਨਿਰਯਾਤਕਾਂ ਨੂੰ ਮੁਸ਼ਕਿਲ ਫੈਸਲੇ ਲੈਣੇ ਪੈ ਰਹੇ ਹਨ, ਅਤੇ ਕਈਆਂ ਨੂੰ ਤਾਂ ਆਪਣਾ ਚਾਵਲ ਛੱਡਣਾ ਵੀ ਪੈ ਰਿਹਾ ਹੈ ਕਿਉਂ ਕਿ ਕੰਟੇਨਰ ਰੋਕਣ ਦੀ ਲਾਗਤ ਮਾਲ ਦੀ ਕੀਮਤ ਤੋਂ ਵੀ ਜਿਆਦਾ ਪੈ ਰਹੀ ਹੈ |
ਬੀਮਾ ਅਤੇ ਕਿਰਾਏ ਵਿਚ ਭਾਰੀ ਵਾਧੇ ਨੇ ਵੀ ਕੀਤਾ ਨੁਕਸਾਨ
ਇਸ ਦੌਰਾਨ ਮਰੀਨ ਬੀਮਾ ਦੀ ਫੀਸ ਅਤੇ ਕਿਰਾਏ ਦੀਆਂ ਕੀਮਤਾਂ ਵਿਚ ਤੇਜ ਵਾਧਾ ਹੋਇਆ ਹੈ ਅਤੇ ਉੱਚ ਖਤਰੇ ਵਾਲੇ ਖੇਤਰਾਂ ਵਿਚ ਵਾਧੂ ਸਰਚਾਰਜ ਵੀ ਲਾਇਆ ਜਾ ਰਿਹਾ ਹੈ | ਜੋਸਨ ਅਨੁਸਾਰ ਇਨ੍ਹਾਂ ਵਿੱਤੀ ਦਬਾਵਾਂ ਨੇ ਭਾਰਤੀ ਬਾਸਮਤੀ ਨਿਰਯਾਤਕਾਂ ਦਾ ਮੁਨਾਫ਼ਾ ਹੀ ਨਹੀਂ ਘਟਾਇਆ ਸਗੋਂ ਛੋਟੇ ਨਿਰਯਾਤਕਾਂ ਲਈ ਇਸ ਖੇਤਰ ਵਿਚ ਕੰਮ ਕਰਨਾ ਔਖਾ ਹੋ ਰਿਹਾ ਹੈ | ਖੇਤੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਏਜੰਸੀਆਂ ਅਜੇ ਵੀ ਆਮ ਫ਼ੀਸਾਂ ਵਸੂਲ ਰਹੀਆਂ ਹਨ, ਜਦਕਿ ਨਿਰਯਾਤਕ ਭਾਰੀ ਨੁਕਸਾਨ ਝੱਲ ਰਹੇ ਹਨ | ਸਰਕਾਰ ਵਲੋਂ ਐਮਰਜੈਂਸੀ ਰਾਹਤ ਜਾਂ ਨੀਤੀਗਤ ਦਖ਼ਲਅੰਦਾਜ਼ੀ ਲਗਭਗ ਨਾਂਹ ਦੇ ਬਰਾਬਰ ਹੈ | ਆਰਜ਼ੀ ਮੁਆਫੀ, ਵਿੱਤੀ ਸਹਾਇਤਾ ਜਾਂ ਵਪਾਰੀ ਰੂਟਾਂ ਨੂੰ ਸੁਰੱਖਿਅਤ ਬਣਾਉਣ ਲਈ ਡਿਪਲੋਮੈਟਿਕ ਯਤਨਾਂ ਦੇ ਨਤੀਜੇ ਵੀ ਘੱਟ ਹੀ ਨਿਕਲੇ ਹਨ |
ਮਜ਼ਬੂਤ ਮੰਗ, ਪਰ ਸਪਲਾਈ ਚੇਨ ਵਿਚ ਰੁਕਾਵਟਾਂ
ਵਰਨਣਯੋਗ ਹੈ ਕਿ ਭਾਰਤ ਤੋਂ ਬਾਸਮਤੀ ਚਾਵਲ ਦੇ ਨਿਰਯਾਤ ਵਿਚ ਉਸ ਵੇਲੇ ਗਿਰਾਵਟ ਆਈ ਹੈ ਜਦੋਂ ਬਾਸਮਤੀ ਚਾਵਲ ਦੀ ਮੰਗ ਵਿਸ਼ਵ ਵਿਚ ਬਹੁਤ ਮਜ਼ਬੂਤ ਹੈ | ਉਨ੍ਹਾਂ ਕਿਹਾ ਕਿ ਮੱਧ ਪੂਰਬ ਵਿਚ ਤਣਾਅ ਨਾ ਘਟਿਆ ਤਾਂ ਮੁਸ਼ਕਿਲ ਹੋਰ ਵਧੇਗੀ | ਭਾਰਤ ਲਈ ਵਿਸ਼ਵ ਚਾਵਲ ਬਾਜ਼ਾਰ ਵਿਚ ਆਪਣੀ ਅਗਵਾਈ ਬਰਕਰਾਰ ਰੱਖਣ ਲਈ ਮਜ਼ਬੂਤ ਉਤਪਾਦਨ ਤੋਂ ਇਲਾਵਾ ਚੁਸਤ ਢੋਆ-ਢੁਆਈ, ਸਹਾਇਕ ਨੀਤੀਆਂ ਤੇ ਰਣਨੀਤਕ ਸੋਚ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਖਾਦਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ <br/> ਅਗਲੀ ਖ਼ਬਰ ਸੀ. ਬੀ. ਆਈ. ਅਦਾਲਤ ਵਲੋਂ ਠਾਕੁਰ ਦਿਲੀਪ ਸਿੰਘ ਭਗੌੜਾ ਕਰਾਰ
Ad Position 24