ਵਾਸ਼ਿੰਗਟਨ, 17 ਅਪ੍ਰੈਲ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਵਧੀਆ ਗੱਲਬਾਤ ਕੀਤੀ | ਉਹ ਮੰਗਲਵਾਰ ਨੂੰ ਦੋਵਾਂ ਨੇਤਾਵਾਂ ਵਿਚਕਾਰ ਹੋਈ ਗੱਲਬਾਤ ਦਾ ਜ਼ਿਕਰ ਰਹੇ ਸਨ | ਟੈਕਸ ਕਟੌਤੀਆਂ 'ਤੇ ਗੋਲਮੇਜ਼ ਕਾਰਨਫ਼ਰੰਸ ਨੂੰ ਸੰਬੋਧਨ ਕਰਨ ਲਈ ਲਾਸ ਵੇਗਾਸ ਰਵਾਨਾ ਹੋਣ ਤੋਂ ਪਹਿਲਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਮੇਰੀ ਉਨ੍ਹਾਂ ਨਾਲ ਬਹੁਤ ਵਧੀਆ ਗੱਲਬਾਤ ਹੋਈ ਤੇ ਉਹ ਭਾਰਤ ਤੋਂ ਮੇਰਾ ਦੋਸਤ ਹੈ ਅਤੇ ਉਹ ਬਹੁਤ ਵਧੀਆ ਕਰ ਰਿਹਾ ਹੈ | ਟਰੰਪ ਨੇ ਮੰਗਲਵਾਰ ਨੂੰ ਮੋਦੀ ਨੂੰ ਫੋਨ ਕਰਕੇ ਦੁਵੱਲੇ ਸੰਬੰਧਾਂ 'ਤੇ ਚਰਚਾ ਕੀਤੀ ਅਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਆਪਣੇ ਵਿਚਾਰ ਸਾਂਝੇ ਕੀਤੇ, ਜਿਥੇ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਖ਼ਿਲਾਫ਼ ਜੰਗ ਛੇੜ ਰੱਖੀ ਹੈ | ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਖੁੱਲ੍ਹਾ ਅਤੇ ਸੁਰੱਖਿਅਤ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਭਾਰਤ 'ਚ ਅਮਰੀਕਾ ਦੇ ਰਾਜਦੂਤ ਸਰਗੇਈ ਗੋਰ ਅਨੁਸਾਰ 40 ਮਿੰਟ ਦੀ ਗੱਲਬਾਤ ਟਰੰਪ ਦੇ ਮੋਦੀ ਨੂੰ ਇਹ ਕਹਿਣ ਨਾਲ ਸਮਾਪਤ ਹੋਈ ਕਿ ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ | 28 ਫਰਵਰੀ ਨੂੰ ਈਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਸ਼ੁਰੂ ਹੋਣ ਤੋਂ ਬਾਅਦ ਮੰਗਲਵਾਰ ਨੂੰ ਦੂਜੀ ਵਾਰ ਦੋਵਾਂ ਨੇਤਾਵਾਂ ਨੇ ਗੱਲਬਾਤ ਕੀਤੀ ਹੈ |