ਸੰਗਰੂਰ, 19 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੇ ਵਿਤ, ਕਰ, ਆਬਕਾਰੀ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀਆਂ ਨੀਤੀਆਂ 'ਤੇ ਚਲਦਿਆਂ ਹਾਸ਼ੀਏ 'ਤੇ ਧੱਕੇ ਲੋਕਾਂ ਨੂੰ ਅੱਗੇ ਵਧਣ ਲਈ ਮੌਕੇ ਦਿੱਤੇ ਹਨ, ਜਿਸ ਦੇ ਨਤੀਜੇ ਵਜੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸਰਕਾਰੀ ਵਕੀਲਾਂ ਦੀਆਂ 58 ਪੋਸਟਾਂ ਦਲਿਤ ਭਾਈਚਾਰੇ ਲਈ ਰਾਖਵੀਂਆਂ ਹੋ ਗਈਆਂ ਹਨ | ਸ੍ਰੀ ਚੀਮਾ ਭਾਈਚਾਰਕ ਤਾਲਮੇਲ ਮੰਚ ਸੰਗਰੂਰ ਵਲੋਂ ਸਥਾਨਕ ਮੰਦਿਰ ਮਾਤਾ ਰਾਜ ਰਾਜੇਸ਼ਵਰੀ ਵਿਚ ਡਾ: ਅੰਬੇਡਕਰ ਨੂੰ ਸਮਰਪਿਤ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਮਾਵਾਂ ਧੀਆਂ ਸਨਮਾਨ ਯੋਜਨਾ ਲਾਗੂ ਕਰ ਕੇ ਜਿੱਥੇ ਜਨਰਲ ਵਰਗ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ ਇਹ ਰਾਸ਼ੀ 1500 ਰੁਪਏ ਮਹੀਨਾ ਮਿਲੇਗੀ | ਸੰਸਥਾ ਦੇ ਜਨਰਲ ਸਕੱਤਰ ਕਾਮਰੇਡ ਚਮਕੌਰ ਸਿੰਘ ਤੇ ਜਸਦੇਵ ਸਿੰਘ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸ੍ਰੀ ਚੀਮਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੀ ਮਿਹਨਤ ਸਦਕਾ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਦੁੱਗਣਾ ਵਾਧਾ ਹੋਇਆ ਹੈ ਜਿਸ ਕਾਰਨ ਪੰਜਾਬ ਵਿਚ ਲੋਕ ਹਿਤਾਂ ਲਈ ਅਨੇਕ ਵਿਕਾਸ ਪ੍ਰਾਜੈਕਟ ਆਰੰਭੇ ਗਏ ਹਨ | ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਮਦਨ ਵਧਣ ਕਾਰਨ ਵਿਧਾਇਕਾਂ ਨੂੰ ਹਲਕਾ ਵਿਕਾਸ ਗਰਾਂਟ 5 ਕਰੋੜ ਤੋਂ ਵਧਾ ਕੇ 10 ਕਰੋੜ ਰੁਪਏ ਕਰਨਾ ਇਸ ਗੱਲ ਦਾ ਸੂਚਕ ਹੈ ਕਿ ਭਗਵੰਤ ਮਾਨ ਸਰਕਾਰ ਸਥਾਨਕ ਪੱਧਰ 'ਤੇ ਵਿਕਾਸ ਦੇ ਕੰਮਾਂ ਲਈ ਯਤਨਸ਼ੀਲ ਹੈ | ਸੰਸਥਾ ਦੇ ਪ੍ਰਧਾਨ ਸੁੁਰਜੀਤ ਸਿੰਘ ਕਾਲੀਆ, ਵਿੱਤ ਸਕੱਤਰ ਬਲਵੀਰ ਸਿੰਘ ਚੰਦੀ ਅਤੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬੱਗੂਆਣਾ ਨੇ ਸ੍ਰੀ ਚੀਮਾ ਅਤੇ ਬੀਬਾ ਭਰਾਜ ਦਾ ਸਵਾਗਤ ਕੀਤਾ | ਸ੍ਰੀ ਚੀਮਾ ਤੇ ਬੀਬਾ ਭਰਾਜ ਨੇ ਬੱਗੂਆਣਾ ਵਿਖੇ ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ | ਸ੍ਰੀ ਚੀਮਾ ਨੇ ਭਵਨ ਦੀ ਉਸਾਰੀ ਲਈ 20 ਲੱਖ ਰੁਪਏ ਅਤੇ ਬੀਬਾ ਭਰਾਜ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਸਮਾਗਮ ਵਿਚ ਬਲਜੀਤ ਸਿੰਘ ਕੰਮੋਮਾਜਰਾ, ਮੇਵਾ ਸਿੰਘ, ਕਰਤਾਰ ਸਿੰਘ ਚੱਕ ਬੇਲਾ, ਗੁਰਮੀਤ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਬਹਾਦਰ ਸਿੰਘ, ਮੁਖਤਿਆਰ ਸਿੰਘ ਕਾਲੀਆ, ਪਿ੍ੰਸੀਪਲ ਰਾਮਪਾਲ ਸਿੰਘ ਕਾਲੀਆ, ਮਲਕੀਤ ਸਿੰਘ ਕਾਲੀਆ, ਕਮਲਜੀਤ ਸਿੰਘ ਕਾਲੀਆ, ਜਸਵੀਰ ਸਿੰਘ ਖ਼ਾਲਸਾ, ਮੱਘਰ ਸਿੰਘ ਢਿੱਲੋਂ, ਪਰਮਜੀਤ ਕੌਰ, ਰਵਿੰਦਰਪਾਲ ਕੌਰ, ਸਤਵੰਤ ਕੌਰ, ਗੁਰਮੇਲ ਕੌਰ, ਸਵਰਨਜੀਤ ਕੌਰ, ਕੁਲਦੀਪ ਕੌਰ, ਮਨਦੀਪ ਕੌਰ ਕਾਲੀਆ ਆਦਿ ਮੌਜੂਦ ਸਨ |
ਪੰਜਾਬ ਦੇ ਮਾਲੀਏ 'ਚ ਦੁੱਗਣਾ ਵਾਧਾ ਹੋਇਆ-ਚੀਮਾ
ਅਜੀਤ ਡੈਸਕ
20-04-2026