ਲਾਹੌਰ, 19 ਅਪ੍ਰੈਲ (ਅਵਤਾਰ ਸਿੰਘ ਰੰਧਾਵਾ, ਸਤਬੀਰ ਸਿੰਘ ਘੁੰਮਣ)-ਬੀਤੀ ਰਾਤ ਸਮੇਂ ਪਾਕਿਸਤਾਨ ਦੀ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਮਰੀਅਮ ਨਵਾਜ਼ ਸਰੀਫ਼ ਦੀ ਅਗਵਾਈ ਵਿਚ ਸ਼ਾਹੀ ਬਾਗ ਵਿਖੇ ਵਿਸਾਖੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਾਰਤ ਤੋਂ ਪਹੁੰਚੇ ਸ਼ਰਧਾਲੂਆਂ ਦੇ ਜਥੇ ਲਈ ਵਿਸ਼ੇਸ਼ ਰਿਵਾਇਤੀ ਦਿੱਖ ਦੀ ਤਰਜਮਾਨੀ ਕਰਦਾ ਪ੍ਰਬੰਧ ਕੀਤਾ | ਇਸ ਮੌਕੇ ਸਮੁੱਚੇ ਪੰਡਾਲ ਨੂੰ ਦੁਲਹਨ ਵਾਂਗ ਸਜਾਇਆ ਗਿਆ ਅਤੇ ਪੰਜਾਬ ਤੋਂ ਆਏ ਮਹਿਮਾਨਾਂ ਲਈ ਪੰਡਾਲ ਵਿਚ ਮੰਜੇ ਸਜਾ ਕੇ ਪੁਰਾਤਨ ਸੱਭਿਆਚਾਰ ਦੀ ਸੁੰਦਰ ਤਸਵੀਰ ਪੇਸ਼ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਢੋਲ ਵਜਾ ਕੇ ਕੀਤੀ ਅਤੇ ਇਥੋਂ ਦੇ ਮਸ਼ਹੂਰ ਕਾਮੇਡੀ ਕਲਾਕਾਰਾਂ, ਕਵਾਲ ਅਤੇ ਉੱਘੇ ਫ਼ਨਕਾਰਾਂ ਨੇ ਦਰਸ਼ਕਾਂ ਦਾ ਮਨ ਮੋਹਿਆ | ਇਸ ਮੌਕੇ ਜਥੇ ਵਿਚ ਭਾਰਤ ਤੋਂ ਗਏ ਲੋਕਾਂ ਨੇ ਵੀ ਸਟੇਜ ਉਪਰ ਚੜ੍ਹ ਕੇ ਭੰਗੜੇ ਪਾਏ ਤੇ ਖੂਬ ਮਨੋਰੰਜਨ ਕੀਤਾ | ਇਸ ਮੌਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵਲੋਂ ਭਾਰਤ ਤੋਂ ਆਏ ਸ਼ਰਧਾਲੂਆਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿ ਦਾ ਨਹੁੰ-ਮਾਸ ਦਾ ਰਿਸ਼ਤਾ, ਜੋ ਕਦੇ ਵੀ ਵੱਖ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਧੀ ਮੁੱਖ ਮੰਤਰੀ ਮਰੀਅਮ ਨਵਾਜ਼ ਸਰੀਫ਼ ਵਲੋਂ ਜਿੱਥੇ ਗੁਰਦੁਆਰੇ ਸਾਹਿਬਾਨਾਂ ਲਈ ਤੇ ਸੰਗਤਾਂ ਦੀਆਂ ਸੁਵਿਧਾਵਾਂ ਲਈ ਹਰ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ, ਉਥੇ ਆਉਣ ਵਾਲੇ ਸਮੇਂ ਅੰਦਰ ਕੋਈ ਵੀ ਕਮੀ ਨਜ਼ਰ ਨਹੀਂ ਆਵੇਗੀ | ਅਖੀਰ ਵਿਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ-ਪਾਕਿ ਵਿਖੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰੁਕਾਵਟਾਂ ਨਾ ਪਾਵੇ, ਵੀਜ਼ੇ ਰੱਦ ਨਾ ਕੀਤੇ ਜਾਣ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਰਤਾਰਪੁਰ ਲਾਂਘਾ ਜਲਦੀ ਖੋਲ ਕੇ ਸ਼ਰਧਾਲੂਆਂ ਦੀ ਮਨੋਕਾਮਨਾ ਪੂਰੀ ਕੀਤੀ ਜਾਵੇ | ਇਸ ਮੌਕੇ ਸ਼ਰਧਾਲੂਆਂ ਲਈ ਰਾਤ ਦੇ ਖਾਣੇ ਦੇ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਪਾਕਿਸਤਾਨ ਵਿਖੇ ਮਨਾਈ ਗਈ ਵਿਸਾਖੀ ਦੇ ਸਾਰੇ ਪਲ ਹਮੇਸ਼ਾਂ ਯਾਦ ਰੱਖਣਗੇ |
ਲਾਹੌਰ ਵਿਖੇ ਮੁੱਖ ਮੰਤਰੀ ਮਰੀਅਮ ਦੀ ਅਗਵਾਈ ਹੇਠ ਮਨਾਇਆ ਵਿਸਾਖੀ ਦਾ ਦਿਹਾੜਾ
ਅਜੀਤ ਡੈਸਕ
20-04-2026