ਅਗਲੇ ਦਿਨਾਂ 'ਚ ਹੋਰ ਗਰਮੀ ਪੈਣ ਸੰਬੰਧੀ ਯੈਲੋ ਅਲਰਟ ਜਾਰੀ
ਅੰਮਿ੍ਤਸਰ, 20 ਅਪ੍ਰੈਲ (ਹਰਮਿੰਦਰ ਸਿੰਘ)-ਮੌਸਮ ਦੇ ਇਕਦਮ ਕਰਵਟ ਬਦਲਣ ਦੇ ਨਾਲ ਪੰਜਾਬ ਵਿਚ ਗਰਮੀ ਦਾ ਪ੍ਰਭਾਵ ਵੱਧ ਗਿਆ ਹੈ | ਲੰਘੇ 24 ਘੰਟਿਆਂ ਵਿਚ ਪੰਜਾਬ ਦਾ ਬਠਿੰਡਾ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਮੌਸਮ ਵਿਭਾਗ ਵਲੋਂ ਗਰਮੀ ਨੂੰ ਲੈ ਕੇ ਸੂਬੇ ਦੇ ਕਈ ਇਲਾਕਿਆਂ 'ਚ ਤਾਪਮਾਨ ਹੋਰ ਵੱਧਣ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ | ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਰਹਿਣ ਕਾਰਨ ਤਾਪਮਾਨ ਵਿਚ ਇਕ ਦਮ ਵਾਧਾ ਹੋਣ ਲੱਗ ਪਿਆ ਹੈ | ਪਿਛਲੇ 24 ਘੰਟਿਆਂ ਵਿਚ ਪੰਜਾਬ ਦਾ ਜਿਲ੍ਹਾ ਬਠਿੰਡਾ ਸਭ ਤੋਂ ਗਰਮ ਰਿਹਾ ਜਿਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸੇ ਦੌਰਾਨ ਫਰੀਦਕੋਟ ਸੂਬੇ ਦਾ ਦੂਸਰਾ ਸਭ ਤੋਂ ਗਰਮ ਇਲਾਕਾ ਰਿਹਾ ਜਿਥੇ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਪਟਿਆਲਾ 'ਚ 39.8 ਡਿਗਰੀ ਸੈਲਸੀਅਸ, ਰੂਪਨਗਰ 39.5 ਡਿਗਰੀ ਸੈਲਸੀਅਸ, ਲੁਧਿਆਣਾ 'ਚ 39.4 ਡਿਗਰੀ ਸੈਲਸੀਅਸ, ਗੁਰਦਾਸਪੁਰ 'ਚ 37.5 ਡਿਗਰੀ ਸੈਲਸੀਅਸ, ਅੰਮਿ੍ਤਸਰ 'ਚ ਵੱਧ ਤੋਂ ਵੱਧ ਤਾਪਮਾਨ 37.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ |
ਪੰਜਾਬ 'ਚ ਗਰਮੀ ਦਾ ਪ੍ਰਭਾਵ ਵਧਿਆ, 41 ਡਿਗਰੀ ਨਾਲ ਬਠਿੰਡਾ ਸਭ ਤੋਂ ਗਰਮ
ਅਜੀਤ ਡੈਸਕ
21-04-2026