ਪੇਸ਼ਕਸ਼-ਜਸਪਾਲ ਸਿੰਘ
ਜਲੰਧਰ, 20 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫਿਰ ਸੂਬੇ ਦੀ ਸਿਆਸਤ ਅੰਦਰ ਇਕ ਵੱਡੀ ਸਿਆਸੀ ਤਾਕਤ ਬਣ ਕੇ ਉੱਭਰਿਆ ਹੈ ਤੇ ਰਾਜ ਦੇ ਲੋਕਾਂ ਦਾ ਵਿਸ਼ਵਾਸ ਪਾਰਟੀ 'ਚ ਹੋਰ ਵਧਿਆ ਹੈ | ਰਾਜ ਦੇ ਲੋਕ ਇਹ ਮਹਿਸੂਸ ਕਰਨ ਲੱਗੇ ਹਨ ਕਿ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਜੇਕਰ ਕੋਈ ਪਾਰਟੀ ਕਰ ਸਕਦੀ ਹੈ ਤਾਂ ਉਹ ਕੇਵਲ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਇਹੀ ਵਜ੍ਹਾ ਹੈ ਕਿ ਅੱਜ ਪੰਜਾਬ ਦੇ ਲੋਕਾਂ ਨੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਮਨ ਬਣਾ ਲਿਆ ਹੈ | ਹਾਲ ਹੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 40 ਦੇ ਕਰੀਬ ਕੀਤੀਆਂ ਗਈਆਂ ਪੰਜਾਬ ਬਚਾਓ ਰੈਲੀਆਂ ਨੂੰ ਜਿਸ ਤਰ੍ਹਾਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਪੰਜਾਬ ਅੰਦਰ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੱਖੀ ਲਹਿਰ ਚੱਲ ਰਹੀ ਹੈ ਤੇ ਆਉਂਦੀਆਂ 2027 ਦੀਆਂ ਰਾਜ ਵਿਧਾਨ ਸਭਾ ਚੋਣਾਂ 'ਚ ਪਾਰਟੀ ਵਧੀਆ ਪ੍ਰਦਰਸ਼ਨ ਕਰਦੀ ਹੋਈ ਸੂਬੇ ਅੰਦਰ ਮੁੜ ਆਪਣੀ ਸਰਕਾਰ ਬਣਾਏਗੀ | ਇਹ ਦਾਅਵਾ ਉਨ੍ਹਾਂ ਇੱਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਬੇਸ਼ੱਕ ਪਿਛਲੇ ਸਮੇਂ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਸਿਆਸੀ ਪ੍ਰਾਪੇਗੰਡਾ ਕੀਤਾ ਗਿਆ ਸੀ ਪਰ ਹੁਣ ਸੱਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਝੂਠ ਦਾ ਭਾਂਡਾ ਵੀ ਇਕ ਤਰ੍ਹਾਂ ਨਾਲ ਚੌਰਾਹੇ 'ਚ ਭੱਜ ਚੁੱਕਾ ਹੈ | ਇਸ ਦੇ ਨਾਲ ਹੀ ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਗੈਰ ਪੰਜਾਬੀਆਂ ਵਲੋਂ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ, ਜਿਸ ਨੂੰ ਪੰਜਾਬ ਦੇ ਗੈਰਤਮੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਉਨ੍ਹਾਂ ਸੂਬੇ ਦੀ ਆਰਥਿਕ, ਸਮਾਜਿਕ ਤੇ ਰਾਜਸੀ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਆਰਥਿਕ ਪੱਖ ਤੋਂ ਪੰਜਾਬ ਜਿੱਥੇ ਲਗਾਤਾਰ ਕਰਜ਼ੇ ਦੇ ਬੋਝ ਥੱਲੇ ਦੱਬਦਾ ਜਾ ਰਿਹਾ ਹੈ, ਉੱਥੇ ਅਮਨ ਕਾਨੂੰਨ ਦੀ ਵਿਵਸਥਾ ਦਾ ਪੂਰੀ ਤਰ੍ਹਾਂ ਨਾਲ ਜਨਾਜ਼ਾ ਨਿਕਲ ਚੁੱਕਾ ਹੈ | ਸਨਅਤਾਂ ਹੋਰਨਾਂ ਰਾਜਾਂ ਨੂੰ ਪਲਾਇਣ ਕਰ ਰਹੀਆਂ ਹਨ ਤੇ ਨੌਜਵਾਨ ਵੀ ਰੋਜ਼ਗਾਰ ਦੀ ਭਾਲ 'ਚ ਵਿਦੇਸ਼ਾਂ ਨੂੰ ਜਾ ਰਹੇ ਹਨ | ਨਸ਼ਿਆਂ ਨੂੰ ਰੋਕਣ ਦੇ ਦਾਅਵੇ ਵੀ ਖੋਖਲੇ ਸਾਬਤ ਹੋਏ ਹਨ ਤੇ ਹਰ ਰੋਜ਼ ਮਾਂਵਾਂ ਦੇ ਪੁੱਤ ਮੌਤ ਦੇ ਮੂੰਹ 'ਚ ਜਾ ਰਹੇ ਹਨ | ਇੱਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਚੰਡੀਗੜ੍ਹ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਪਾਣੀਆਂ ਦੇ ਮਸਲਿਆਂ 'ਤੇ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ 'ਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ | ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੱਖ ਹੋਏ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਘਰ ਵਾਪਸੀ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ ਹਨ, ਜਿਨ੍ਹਾਂ ਦਾ ਟਾਕਰਾ ਇਕੱਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ | ਭਾਜਪਾ ਨਾਲ ਚੋਣ ਗਠਜੋੜ ਬਾਰੇ ਗੱਲ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਸਾਰੀਆਂ 117 ਸੀਟਾਂ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ ਤੇ ਇਸ ਬਾਰੇ ਫੈਸਲਾ ਸਮਾਂ ਆਉਣ 'ਤੇ ਹੀ ਲਿਆ ਜਾਵੇਗਾ |
ਸੂਬੇ ਦੀ ਸਿਆਸਤ 'ਚ ਸ਼੍ਰੋਮਣੀ ਅਕਾਲੀ ਦਲ ਮੁੜ ਵੱਡੀ ਤਾਕਤ ਬਣਿਆ-ਡਾ. ਚੀਮਾ <br/>
ਅਜੀਤ ਡੈਸਕ
21-04-2026