ਇਮਰਾਨ ਖ਼ਾਨ ’ਤੇ ਨਵਾਜ਼ ਸ਼ਰੀਫ਼ ਤੇ ਬੇਨਜ਼ੀਰ ਭੁੱਟੋ ਵਰਗੇ ਸਮਝੌਤੇ ਲਈ ਪਾਇਆ ਜਾ ਰਿਹਾ ਦਬਾਅ-ਅਚਕਜ਼ਈ
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਮਹਿਮੂਦ ਖ਼ਾਨ ਅਚਕਜ਼ਈ ਨੇ ਅੱਜ ਦਾਅਵਾ ਕੀਤਾ ਕਿ ਪੀ. ਟੀ.
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਮਹਿਮੂਦ ਖ਼ਾਨ ਅਚਕਜ਼ਈ ਨੇ ਅੱਜ ਦਾਅਵਾ ਕੀਤਾ ਕਿ ਪੀ.ਟੀ.ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੇ ਸੰਸਥਾਪਕ ਇਮਰਾਨ ਖ਼ਾਨ ’ਤੇ ਸਾਬਕਾ ਪ੍ਰਧਾਨ ਮੰਤਰੀਆਂ ਨਵਾਜ਼ ਸ਼ਰੀਫ਼ ਅਤੇ ਬੇਨਜ਼ੀਰ ਭੁੱਟੋ ਵਰਗਾ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਅਤੀਤ ’ਚ ਦੋਵੇਂ ਸਾਬਕਾ ਪ੍ਰਧਾਨ ਮੰਤਰੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਜਲਾਵਤਨੀ ’ਚ ਚਲੇ ਗਏ ਸਨ, ਉਸੇ ਤਰ੍ਹਾਂ ਦਾ ਪ੍ਰਬੰਧ ਹੁਣ ਇਮਰਾਨ ਖ਼ਾਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਸ਼ਾਵਰ ਹਾਈ ਕੋਰਟ ਦੇ ਬਾਹਰ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨਾਲ ਤਹਿਰੀਕ-ਏ-ਤਹੱਫੁਜ਼-ਏ-ਆਈਨ-ਏ-ਪਾਕਿਸਤਾਨ ਦੇ ਆਗੂ ਸਰਦਾਰ ਅਖ਼ਤਰ ਮੈਂਗਲ ਅਤੇ ਅੱਲਾਮਾ ਰਾਜਾ ਨਾਸਿਰ ਅੱਬਾਸ ਵੀ ਹਾਜ਼ਰ ਸਨ। ਅਚਕਜ਼ਈ ਨੇ ਕਿਹਾ ਕਿ ਅੱਜ ਪੀ. ਐੱਮ. ਐੱਲ.-ਐੱਨ. (ਪਾਕਿਸਤਾਨ ਮੁਸਲਿਮ ਲੀਗ-ਨਵਾਜ਼) ਅਤੇ ਪੀ. ਪੀ. ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦੀ ਗੱਠਜੋੜ ਵਾਲੀ ਸਰਕਾਰ ਦੌਰਾਨ ਵੀ ਉਹੀ ਸਥਿਤੀ ਦੁਹਰਾਈ ਜਾ ਰਹੀ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਅਤੇ ਹੋਰ ਵਿਧਾਇਕਾਂ ਦੇ ਲਾਪਤਾ ਹੋਣ ਦੇ ਮਾਮਲੇ ‘ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਠਿਕਾਣੇ ਬਾਰੇ ਤੁਰੰਤ ਜਾਣਕਾਰੀ ਜਨਤਕ ਕੀਤੀ ਜਾਵੇ। ਸਰਦਾਰ ਅਖ਼ਤਰ ਮੈਂਗਲ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਹੋਣ ਦਾ ਦਾਅਵਾ ਕਰਨ ਵਾਲੇ ਹੀ ਅੱਜ ਸੰਵਿਧਾਨ ਨੂੰ ਕੁਚਲ ਰਹੇ ਹਨ। ਸੈਨੇਟ ‘ਚ ਵਿਰੋਧੀ ਧਿਰ ਦੇ ਆਗੂ ਰਾਜਾ ਨਾਸਿਰ ਅੱਬਾਸ ਨੇ ਕਿਹਾ ਕਿ ਦੇਸ਼ ਵਿਚ ਬੇਕਾਨੂੰਨੀ ਸਿਖ਼ਰਾਂ ’ਤੇ ਪਹੁੰਚ ਚੁੱਕੀ ਹੈ। ਇਸੇ ਦੌਰਾਨ ਉਕਤ ਆਗੂਆਂ ਵਲੋਂ ਪਿਸ਼ਾਵਰ ਹਾਈ ਕੋਰਟ ’ਚ ਇਕ ਸੰਵਿਧਾਨਕ ਪਟੀਸ਼ਨ ਦਾਇਰ ਕਰਕੇ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਅਤੇ ਗਵਰਨਰ ਰਾਜ ਲਗਾਉਣ ਦੇ 11 ਅਕਤੂਬਰ ਦੇ ਫ਼ੈਸਲੇ ਨੂੰ ਚੁਨੌਤੀ ਦਿੱਤੀ ਗਈ ਹੈ।