ਬਠਿੰਡਾ ਜੇਲ੍ਹ ਵਿਚ ਸਾਡੇ ਮੁਵੱਕਲ ਨੂੰ ਤੰਗ ਕੀਤਾ ਜਾ ਰਿਹਾ-ਐਡ. ਭੁੱਲਰ
ਪਟਿਆਲਾ, 20 ਅਪ੍ਰੈਲ (ਮਨਦੀਪ ਸਿੰਘ ਖਰੌੜ)-ਜਬਰ ਜਨਾਹ ਦੇ ਕੇਸ ਦਾ ਸਾਹਮਣਾ ਕਰ ਰਹੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਖ਼ਿਲਾਫ਼ ਥਾਣਾ ਜ਼ੁਲਕਾਂ 'ਚ ਦਰਜ ਹੋਏ ਮਾਈਨਿੰਗ ਦੇ ਕੇਸ 'ਚ ਅੱਜ ਉਨ੍ਹਾਂ ਨੂੰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਬਠਿੰਡਾ ਜੇਲ੍ਹ ਤੋਂ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਕੇਸ 'ਚ ਵਿਧਾਇਕ ਵਲੋਂ ਸਮਰਪਣ ਕਰਨ ਦੇ ਮਾਮਲੇ 'ਚ ਜ਼ੁਲਕਾਂ ਪੁਲਿਸ ਵਲੋਂ ਉਨ੍ਹਾਂ ਦੇ ਰਿਮਾਂਡ ਦੀ ਮੰਗ ਨਹੀਂ ਰੱਖੀ ਗਈ | ਇਸ ਦੀ ਪੁਸ਼ਟੀ ਕਰਦਿਆਂ ਵਿਧਾਇਕ ਦੇ ਵਕੀਲ ਬੀ.ਐਸ. ਭੁੱਲਰ ਅਤੇ ਐਸ.ਐਸ. ਸੱਗੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਣਯੋਗ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਸੀ ਵਿਧਾਇਕ ਖ਼ਿਲਾਫ਼ ਜਿੰਨੇ ਵੀ ਕੇਸ ਹਨ ਸਾਰੇ ਮਾਮਲਿਆਂ ਵਿਚ ਉਨ੍ਹਾਂ ਦੀ ਗਿ੍ਫ਼ਤਾਰੀ ਪਾਈ ਜਾਵੇ | ਸਾਲ 2025 ਵਿਚ ਥਾਣਾ ਜ਼ੁਲਕਾਂ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਸੀ | ਉਸ ਕੇਸ ਵਿਚ ਵਿਧਾਇਕ ਵਲੋਂ ਅੱਜ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ ਗਿਆ, ਪਰ ਪੁਲਿਸ ਵਲੋਂ ਇਸ ਕੇਸ ਦੀ ਸੁਣਵਾਈ ਦੌਰਾਨ ਵਿਧਾਇਕ ਦੇ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ | ਇਸ ਕੇਸ ਦੀ ਅਗਲੀ ਸੁਣਵਾਈ 4 ਮਈ ਨੂੰ ਮੁਕੱਰਰ ਕੀਤੀ ਗਈ ਹੈ | ਦੂਜੇ ਪਾਸੇ ਜਬਰ ਜਨਾਹ ਦੇ ਕੇਸ 'ਚ ਵੀ ਅੱਜ ਵਿਧਾਇਕ ਪਠਾਣਮਾਜਰਾ ਨੂੰ ਪੇਸ਼ ਕੀਤਾ ਗਿਆ ਸੀ | ਉਸ ਕੇਸ 'ਚ ਵੀ ਮਾਣਯੋਗ ਅਦਾਲਤ ਵਲੋਂ ਵਿਧਾਇਕ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ |
ਵਿਧਾਇਕ ਨੂੰ ਬਠਿੰਡਾ ਜੇਲ੍ਹ 'ਚ ਭੇਜਣ ਸੰਬੰਧੀ ਅਦਾਲਤ ਨੇ ਜੇਲ੍ਹ ਸੁਪਰਡੈਂਟ ਤੋਂ ਮੰਗਿਆ ਜਵਾਬ-ਐਡ. ਭੁੱਲਰ
ਵਿਧਾਇਕ ਦੇ ਵਕੀਲ ਐਡ. ਬੀ.ਐਸ. ਭੁੱਲਰ ਨੇ ਦੱਸਿਆ ਕਿ ਵਿਧਾਇਕ ਨੂੰ ਬਠਿੰਡਾ ਜੇਲ੍ਹ ਵਿਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ | ਉਨ੍ਹਾਂ ਵਲੋਂ ਮਾਣਯੋਗ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ ਕਿ ਵਿਧਾਇਕ ਨਾਲ ਸੰਬੰਧਿਤ ਸਾਰੇ ਕੇਸ ਪਟਿਆਲਾ ਨਾਲ ਸੰਬੰਧਿਤ ਹਨ ਇਸ ਕਰਕੇ ਉਨ੍ਹਾਂ ਨੂੰ ਪਟਿਆਲਾ ਦੀ ਹੱਦ ਵਿਚ ਹੀ ਰੱਖਿਆ ਜਾਵੇ | ਜਿਸ ਤਹਿਤ ਮਾਣਯੋਗ ਅਦਾਲਤ ਜੇਲ੍ਹ ਦੇ ਸੁਪਰਡੈਂਟ ਨੂੰ ਆਦੇਸ਼ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਵਿਧਾਇਕ ਪਠਾਣਮਾਜਰਾ ਨੂੰ ਬਠਿੰਡਾ ਜੇਲ੍ਹ ਵਿਚ ਕਿਉਂ ਭੇਜਿਆ ਗਿਆ ਹੈ | ਇਸ ਮਾਮਲੇ ਦੀ ਅਗਲੀ ਸੁਣਵਾਈ 22 ਅਪ੍ਰੈਲ ਨੂੰ ਮੁਕੱਰਰ ਕੀਤੀ ਗਈ ਹੈ |
ਮਾਈਨਿੰਗ ਦੇ ਕੇਸ 'ਚ ਵਿਧਾਇਕ ਪਠਾਣਮਾਜਰਾ ਅਦਾਲਤ 'ਚ ਪੇਸ਼
ਅਜੀਤ ਡੈਸਕ
21-04-2026