ਸੱਤਾਧਾਰੀ ਪਾਰਟੀ ਦੇ ਆਗੂ ਪਰਲ ਗਰੁੱਪ ਦੀਆਂ ਜ਼ਮੀਨਾਂ 'ਤੇ ਕਰ ਰਹੇ ਮਾਈਨਿੰਗ-ਮਹਿੰਦਰ ਸਿੰਘ
ਜਲੰਧਰ, 20 ਅਪ੍ਰੈਲ (ਪਵਨ ਖਰਬੰਦਾ)-ਕਾਂਗਰਸ ਪਾਰਟੀ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪ੍ਰੈੱਸ ਕਲੱਬ ਵਿਖੇ ਪਰਲ ਗਰੁੱਪ ਵਲੋਂ ਕੀਤੀ ਗਈ ਕਰੋੜਾਂ ਰੁਪਏ ਦੀ ਠੱਗੀ ਦੇ ਸ਼ਿਕਾਰ ਹੋਏ ਪੀੜਤਾਂ ਨੂੰ ਨਾਲ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਪਰਲ ਗਰੁੱਪ ਦੇ ਸ਼ਿਕਾਰ ਹੋਏ ਲੋਕਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਦੇ ਹੱਕਾਂ ਲਈ ਸੁਪਰੀਮ ਕੋਰਟ 'ਚ ਅਗਵਾਈ ਕਰੇ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ | ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਨੂੰ ਲੈ ਕੇ ਪਰਲ ਗਰੁੱਪ ਦੀਆਂ ਸਾਰੀਆਂ ਹੀ ਜਾਇਦਾਦਾਂ ਨੂੰ ਵੇਚਣ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰਨ ਸੰਬੰਧੀ ਰੋਕ ਲਾਈ ਗਈ ਹੈ ਪ੍ਰੰਤੂ ਸੱਤਾਧਾਰੀ ਪਾਰਟੀ ਦਾ ਇੱਕ ਵਿਧਾਇਕ ਅਤੇ ਕੁਝ ਆਗੂ ਗੜ੍ਹਸ਼ੰਕਰ ਅਤੇ ਸਾਹਨੇਵਾਲ ਸਮੇਤ ਲੁਧਿਆਣਾ ਆਦਿ ਖੇਤਰਾਂ 'ਚ ਪਰਲ ਗਰੁੱਪ ਦੀਆਂ ਕਈ ਜ਼ਮੀਨਾਂ 'ਚ ਮਾਈਨਿੰਗ ਕਰਕੇ ਅਦਾਲਤ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੀੜਤਾਂ ਵਲੋਂ ਕਈ ਵਾਰ ਵਿਜੀਲੈਂਸ ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪ੍ਰੰਤੂ ਅੱਜ ਤੱਕ ਇਸ ਸ਼ਿਕਾਇਤ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ | ਇਸ ਮੌਕੇ ਹਾਜ਼ਰ 'ਇਨਸਾਫ਼ ਦੀ ਆਵਾਜ਼' ਦੇ ਆਗੂ ਅਤੇ ਪਰਲ ਗਰੁੱਪ ਦੇ ਪੀੜਤ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਰਲ ਗਰੁੱਪ ਵਲੋਂ ਪੰਜਾਬ ਦੇ 10 ਲੱਖ ਤੋਂ ਵੱਧ ਪਰਿਵਾਰਾਂ ਨਾਲ ਕਰੀਬ 8 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ | ਉਨ੍ਹਾਂ ਕਿਹਾ ਕਿ ਭਾਵੇਂ ਇਸ ਮਾਮਲੇ ਦੇ ਮੁੱਖ ਦੋਸ਼ੀ ਦੀ ਭਾਵੇਂ ਜੇਲ੍ਹ 'ਚ ਹੀ ਮੌਤ ਹੋ ਚੁੱਕੀ ਹੈ ਪ੍ਰੰਤੂ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਸੁਪਰੀਮ ਕੋਰਟ 'ਚ ਪੀੜਤਾਂ ਦੀ ਅਗਵਾਈ ਕਰਦੇ ਹੋਏ ਪੀੜਤਾਂ ਦੇ ਡੁੱਬੇ ਹੋਏ ਪੈਸੇ ਕਢਵਾਉਣ 'ਚ ਅਹਿਮ ਰੋਲ ਅਦਾ ਕਰ ਸਕਦੀ ਹੈ | ਇਸ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਬੇਅਦਬੀ ਕਾਨੂੰਨ ਦੀ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਨਾਲ ਜਸਬੀਰ ਸਿੰਘ ਬੜਿਆਲ, ਜੋਧ ਸਿੰਘ ਥਾਂਦੀ, ਗੁਰਦੀਪ ਸਿੰਘ, ਦਲਬੀਰ ਸਿੰਘ ਜੰਮੂ, ਜਗਦੀਪ ਸਿੰਘ ਬੰਗਾ, ਅਮਰੀਕ ਸਿੰਘ ਪਥਲਾਵਾ, ਪੰਡਿਤ ਹਰੇਕਾਂਤ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਰਲ ਗਰੁੱਪ ਦੀ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਦੀ ਬਾਂਹ ਫੜੇ ਪੰਜਾਬ ਸਰਕਾਰ-ਖਹਿਰਾ
ਅਜੀਤ ਡੈਸਕ
21-04-2026