ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸਰਕਾਰ ਅਦਾਲਤੀ ਹੁਕਮਾਂ ਦੇ ਬਾਵਜੂਦ ਭਾਵੇਂ ਕਿ ਅਜੇ ਤੱਕ ਸਕੂਲਾਂ-ਕਾਲਜਾਂ ਦੇ ਸਿਲੇਬਸ 'ਚ ਮਾਂ-ਬੋਲੀ ਪੰਜਾਬੀ ਦੀ ਪੜ੍ਹਾਈ ਨੂੰ ਸ਼ਾਮਿਲ ਕਰਵਾਉਣ 'ਚ ਕਾਮਯਾਬ ਨਹੀਂ ਹੋ ਸਕੀ ਹੈ, ਇਸਦੇ ਬਾਵਜੂਦ ਸੂਬਾਈ ਸਰਕਾਰ ਦੇ ਪੰਜਾਬੀ ਅਦਾਰਾ ਬਰਾਏ ਜ਼ੁਬਾਨ ਫ਼ਨ ਤੇ ਸਫ਼ਾਕਤ (ਪਿਲਾਕ) ਲਾਹੌਰ ਵਲੋਂ ਗੁਰਮੁਖੀ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ | ਇਕ ਮਹੀਨੇ ਤੱਕ ਚੱਲਣ ਵਾਲੇ ਇਸ ਕੋਰਸ ਦੀਆਂ ਕਲਾਸਾਂ 5 ਮਈ ਨੂੰ ਸ਼ੁਰੂ ਹੋਣਗੀਆਂ | ਲਾਹੌਰ ਤੋਂ ਬਾਬਰ ਜਲੰਧਰੀ ਨੇ ਇਸ ਬਾਰੇ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਗੁਰਮੁਖੀ ਲਿਖਣ ਅਤੇ ਪੜ੍ਹਨ ਦੀ ਸਿਖਲਾਈ ਸੇਵਾਮੁਕਤ ਪ੍ਰੋ. ਜ਼ਮੀਲ ਅਹਿਮਦ ਪਾਲ ਦੇਣਗੇ ਅਤੇ ਮਹੀਨੇ 'ਚ 15 ਕਲਾਸਾਂ ਕ੍ਰਮਵਾਰ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਲੱਗਿਆ ਕਰਨਗੀਆਂ | ਉਨ੍ਹਾਂ ਨੇ ਦੱਸਿਆ ਕਿ ਦਾਖਲਾ ਲੈਣ ਲਈ ਉਮਰ ਜਾਂ ਪੜ੍ਹਾਈ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਹੈ | ਇਸ ਤੋਂ ਇਲਾਵਾ ਪਾਕਿ ਦੀ ਰਾਜਧਾਨੀ ਇਸਲਾਮਾਬਾਦ ਦੀ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਵਲੋਂ ਵੀ ਗੁਰਮੁਖੀ ਕੋਰਸ ਸ਼ੁਰੂ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤ 'ਚ ਇਸਲਾਮਾਬਾਦ ਕੈਂਪਸ 'ਚ ਇਹ 2 ਮਹੀਨੇ ਦਾ ਫੇਸ-ਟੂ-ਫੇਸ ਗੁਰਮੁਖੀ ਸਕਰਿਪਟ ਕੋਰਸ ਸ਼ੁਰੂ ਕੀਤਾ ਗਿਆ ਹੈ | ਵਿਦਿਆਰਥੀਆਂ ਦੀ ਇਸ 'ਚ ਰੁਚੀ ਅਤੇ ਉਤਸ਼ਾਹ ਨੂੰ ਵੇਖਦਿਆਂ ਬਾਅਦ 'ਚ ਇਹ ਕੋਰਸ ਪਾਕਿਸਤਾਨ ਦੀਆਂ ਹੋਰਨਾ ਯੂਨੀਵਰਸਿਟੀਆਂ ਅਤੇ ਸਰਕਾਰੀ ਕਾਲਜਾਂ 'ਚ ਸ਼ੁਰੂ ਕੀਤਾ ਜਾਵੇਗਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਕਿ ਦੇ ਲਾਹੌਰ, ਕਸੂਰ, ਪਾਕਪਟਨ ਅਤੇ ਗੁਜਰਾਤ ਆਦਿ ਸ਼ਹਿਰਾਂ 'ਚ ਨਿੱਜੀ ਪੱਧਰ 'ਤੇ ਕੁਝ ਲੋਕਾਂ ਵਲੋਂ ਆਨ-ਲਾਈਨ ਗੁਰਮੁਖੀ ਕੋਰਸ ਕਰਵਾਇਆ ਜਾ ਰਿਹਾ ਹੈ |
ਲਾਹੌਰ 'ਚ ਗੁਰਮੁਖੀ ਕੋਰਸ ਸ਼ੁਰੂ, ਇਕ ਮਹੀਨੇ 'ਚ ਲੱਗਣਗੀਆਂ 15 ਕਲਾਸਾਂ
ਅਜੀਤ ਡੈਸਕ
21-04-2026