ਮੂਨਕ (ਸੰਗਰੂਰ), 23 ਅਪ੍ਰੈਲ (ਕੇਵਲ ਸਿੰਗਲਾ)-ਭਾਰਤ ਨੂੰ ਊਰਜਾ ਖੇਤਰ 'ਚ ਆਤਮਨਿਰਭਰ ਬਣਾਉਣ ਲਈ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਨ ਗਡਕਰੀ ਨੇ ਪੈਟਰੋਲ 'ਚ 100 ਫ਼ੀਸਦੀ ਇਥਨੋਲ ਮਿਲਾਵਟ ਦੇ ਟੀਚੇ ਨੂੰ ਹਾਸਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਅਨੁਸਾਰ ਇਹ ਕਦਮ ਨਾ ਸਿਰਫ਼ ਦੇਸ਼ ਦੀ ਵਿਦੇਸ਼ੀ ਤੇਲ ਉੱਤੇ ਨਿਰਭਰਤਾ ਘਟਾਏਗਾ, ਸਗੋਂ ਕਿਸਾਨਾਂ ਦੀ ਆਮਦਨ 'ਚ ਵੱਡਾ ਵਾਧਾ ਕਰਨ 'ਚ ਵੀ ਮਦਦਗਾਰ ਸਾਬਤ ਹੋਵੇਗਾ | ਇੰਡੀਅਨ ਫੈਡਰੇਸ਼ਨ ਆਫ਼ ਗ੍ਰੀਨ ਐਨਰਜੀ ਵਲੋਂ ਕਰਵਾਈ ਗ੍ਰੀਨ ਟਰਾਂਸਪੋਰਟ ਕਾਨਫ਼ਰੰਸ ਦੌਰਾਨ ਗਡਕਰੀ ਨੇ ਕਿਹਾ ਕਿ ਪੱਛਮੀ ਏਸ਼ੀਆ 'ਚ ਚੱਲ ਰਹੇ ਤਣਾਅ ਕਾਰਨ ਤੇਲ ਸਪਲਾਈ ਅਸਥਿਰ ਹੋ ਰਹੀ ਹੈ, ਜਿਸ ਨਾਲ ਭਾਰਤ ਲਈ ਆਪਣੀ ਊਰਜਾ ਨੀਤੀ ਨੂੰ ਮਜ਼ਬੂਤ ਬਣਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਇਸ ਵੇਲੇ ਦੇਸ਼ 'ਚ ਈ 20 ਫਿਊਲ ਦੀ ਵਰਤੋਂ ਹੋ ਰਹੀ ਹੈ, ਜਿਸ ਵਿਚ 20 ਫ਼ੀਸਦੀ ਇਥਨੋਲ ਮਿਲਾਇਆ ਜਾਂਦਾ ਹੈ | ਇਹ ਫਿਊਲ 2023 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਂਚ ਕੀਤਾ ਗਿਆ ਸੀ | ਹੁਣ ਸਰਕਾਰ ਦਾ ਟੀਚਾ ਇਸ ਨੂੰ ਹੋਰ ਅੱਗੇ ਵਧਾ ਕੇ 100 ਫ਼ੀਸਦੀ ਇਥਨੋਲ ਤੱਕ ਲਿਜਾਣਾ ਹੈ | ਗਡਕਰੀ ਅਨੁਸਾਰ ਬ੍ਰਾਜ਼ੀਲ ਵਰਗੇ ਦੇਸ਼ ਪਹਿਲਾਂ ਹੀ ਵੱਡੇ ਪੱਧਰ 'ਤੇ ਇਥਨੋਲ ਦੀ ਵਰਤੋਂ ਕਰ ਰਹੇ ਹਨ, ਜਿੱਥੇ ਵਾਹਨ ਸਿੱਧੇ ਇਥਨੋਲ 'ਤੇ ਚੱਲਦੇ ਹਨ | ਇਸ ਤਜਰਬੇ ਤੋਂ ਭਾਰਤ ਨੂੰ ਪੇ੍ਰਰਨਾ ਮਿਲ ਸਕਦੀ ਹੈ | ਭਾਰਤ ਆਪਣੀ ਕੁੱਲ ਤੇਲ ਦੀ ਲੋੜ ਦਾ ਲਗਭਗ 87 ਫ਼ੀਸਦੀ ਹਿੱਸਾ ਆਯਾਤ ਕਰਦਾ ਹੈ, ਜਿਸ 'ਤੇ ਹਰ ਸਾਲ ਲਗਭਗ 22 ਲੱਖ ਕਰੋੜ ਰੁਪਏ ਖ਼ਰਚ ਹੁੰਦੇ ਹਨ | ਜੇਕਰ ਇਥਨੋਲ ਦੀ ਵਰਤੋਂ ਵਧਾਈ ਜਾਂਦੀ ਹੈ, ਤਾਂ ਇਹ ਵੱਡੀ ਰਕਮ ਬਚ ਸਕਦੀ ਹੈ ਅਤੇ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋ ਸਕਦੀ ਹੈ | ਨਾਲ ਹੀ, ਇਥਨੋਲ ਇਕ ਸਾਫ਼ ਈਾਧਨ ਹੋਣ ਕਾਰਨ ਪ੍ਰਦੂਸ਼ਣ 'ਚ ਵੀ ਮਹੱਤਵਪੂਰਨ ਕਮੀ ਆਵੇਗੀ | ਇਥਨੋਲ ਉਤਪਾਦਨ ਲਈ ਗੰਨਾ, ਮੱਕੀ ਅਤੇ ਹੋਰ ਫ਼ਸਲਾਂ ਦੀ ਲੋੜ ਹੁੰਦੀ ਹੈ | ਗਡਕਰੀ ਨੇ ਕਿਹਾ ਕਿ ਖ਼ਾਸ ਕਰਕੇ ਮੱਕੀ ਤੋਂ ਬਣਦੇ ਇਥਨੋਲ ਨੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕੀਤਾ ਹੈ | ਜੇਕਰ 100 ਫ਼ੀਸਦੀ ਇਥਨੋਲ ਦੀ ਵਰਤੋਂ ਵੱਲ ਕਦਮ ਵਧਾਏ ਜਾਂਦੇ ਹਨ, ਤਾਂ ਖੇਤੀਬਾੜੀ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ ਅਤੇ ਕਿਸਾਨਾਂ ਨੂੰ ਆਪਣੇ ਉਤਪਾਦਨ ਦਾ ਵਧੀਆ ਮੁੱਲ ਮਿਲੇਗਾ |