ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੀ 14 ਅਪ੍ਰੈਲ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਪਰਤ ਰਹੀ ਸ਼ਰਧਾਲੂਆਂ ਦੀ ਬੱਸ ਨਾਲ ਹਲਕਾ ਬਸੀ ਪਠਾਣਾਂ ਅਧੀਨ ਪੈਂਦੇ ਪਿੰਡ ਹਿੰਮਤਗੜ੍ਹ (ਭਟੇੜੀ) ਨੇੜੇ ਮੋਰਿੰਡਾ ਚੁੰਨੀ ਰੋਡ 'ਤੇ ਵਾਪਰੇ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ 9 ਮਿ੍ਤਕ ਸ਼ਰਧਾਲੂਆਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ | ਸੋਸ਼ਲ ਮੀਡੀਆ 'ਤੇ ਸ਼ੇਅਰ ਪੋਸਟ ਵਿਚ ਮੁੱਖ ਮੰਤਰੀ ਨੇ ਲਿਖਿਆ ਕਿ 'ਬੀਤੇ ਹਫ਼ਤੇ ਹੋਏ ਦਰਦਨਾਕ ਬੱਸ ਹਾਦਸੇ ਦਾ ਬਹੁਤ ਦੁੱਖ ਹੈ | ਇਸ ਔਖੀ ਘੜੀ ਵਿਚ ਅਸੀਂ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹਾਂ | ਇਸ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ 9 ਮਿ੍ਤਕਾਂ ਦੇ ਪਰਿਵਾਰਾਂ ਜਾਂ ਵਾਰਸਾਂ ਨੂੰ 2 ਲੱਖ ਰੁਪਏ ਪ੍ਰਤੀ ਮਿ੍ਤਕ ਮਾਲੀ ਸਹਾਇਤਾ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜ਼ਖ਼ਮੀ ਹੋਏ 34 ਵਿਅਕਤੀਆਂ ਨੂੰ 50 ਹਜ਼ਾਰ ਰੁਪਏ ਪ੍ਰਤੀ ਜ਼ਖ਼ਮੀ ਦੇ ਹਿਸਾਬ ਨਾਲ ਮਦਦ ਦਿੱਤੀ ਜਾਵੇਗੀ | ਸਾਡੀ ਸਰਕਾਰ ਹਮੇਸ਼ਾ ਆਪਣੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਪ੍ਰਮਾਤਮਾ ਅੱਗੇ ਸਾਰੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰਦੀ ਹੈ |
ਮੁੱਖ ਮੰਤਰੀ ਵਲੋਂ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਮਿ੍ਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਮਾਲੀ ਸਹਾਇਤਾ ਦੇਣ ਦਾ ਐਲਾਨ
ਅਜੀਤ ਡੈਸਕ
24-04-2026