ਅੰਮਿ੍ਤਸਰ/ਚੰਡੀਗੜ੍ਹ, 24 ਅਪ੍ਰੈਲ (ਹਰਮਿੰਦਰ ਸਿੰਘ/ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਗਰਮੀ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ | ਦੁਪਹਿਰ ਦੇ ਸਮੇਂ ਗਰਮ ਹਵਾਵਾਂ ਚੱਲਣ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ | ਲੰਘੇ 24 ਘੰਟਿਆਂ ਵਿਚ ਪੰਜਾਬ ਦਾ ਬਠਿੰਡਾ ਅਤੇ ਫਰੀਦਕੋਟ ਸਭ ਤੋਂ ਗਰਮ ਇਲਾਕੇ ਰਹੇ | ਜਿਥੇ ਦਿਨ ਦੇ ਸਮੇਂ ਵੱਧ ਵੱਧ ਤਾਮਪਾਨ 44.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਇਸੇ ਦੌਰਾਨ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਦਰਜ ਕੀਤਾ ਗਿਆ | ਅਗਲੇ 24 ਘੰਟਿਆਂ ਵਿਚ ਪੰਜਾਬ-ਹਰਿਆਣਾ 'ਚ ਆਮ ਤੌਰ 'ਤੇ ਮੌਸਮ ਖੁਸ਼ਕ ਰਹੇਗਾ | ਪਰ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕੀ ਬਦਲਵਾਹੀ ਵੀ ਹੋ ਸਕਦੀ ਹੈ | ਮੌਸਮ ਵਿਭਾਗ ਅਨੁਸਾਰ 26 ਤੋਂ 30 ਅਪ੍ਰੈਲ ਤੱਕ ਇਨ੍ਹਾਂ ਦੋਵੇਂ ਸੂਬਿਆਂ ਦੇ ਕੁਝ ਇਲਾਕਿਆਂ 'ਚ ਤੇਜ਼ ਹਨੇ੍ਹਰੀਆਂ ਚੱਲਣ ਅਤੇ ਗਰਜ ਚਮਕ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ | ਲੰਘੇ 24 ਘੰਟਿਆਂ ਵਿਚ ਅੰਮਿ੍ਤਸਰ 'ਚ ਦਿਨ ਦੇ ਸਮੇ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ, ਲੁਧਿਆਣਾ 'ਚ 42.4 ਡਿਗਰੀ, ਪਟਿਆਲਾ 'ਚ 42.4 ਡਿਗਰੀ , ਰੂਪਨਗਰ 'ਚ 41.3 ਡਿਗਰੀ , ਰੋਪੜ 'ਚ 39.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ |