ਚੰਡੀਗੜ੍ਹ, 24 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਇਕ ਟੂਲ ਵਜੋਂ ਵਰਤ ਰਹੀ ਹੈ ਤਾਂ ਜੋ 'ਆਪ' ਨੂੰ ਤੋੜਿਆ ਜਾ ਸਕੇ | ਇਹ ਦੋਸ਼ 'ਆਪ' ਦੇ ਲੋਕ ਸਭਾ ਮੈਂਬਰ ਮੀਤ ਹੇਅਰ ਅਤੇ ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਨੇ ਪ੍ਰੈੱਸ ਕਾਨਫਰੰਸ ਦੌਰਾਨ ਲਾਏ | ਪਾਰਟੀ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਸ ਸੂਬੇ ਵਿਚ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉਥੇ ਸਰਕਾਰੀ ਏਜੰਸੀਆਂ ਨੂੰ ਦੂਜੀਆਂ ਪਾਰਟੀਆਂ ਦੇ ਆਗੂਆਂ ਖਿਲਾਫ਼ ਕਾਰਵਾਈ ਕਰਨ ਲਈ ਛੱਡ ਦਿੰਦੀਆਂ ਹਨ | ਰਾਘਵ ਚੱਢਾ ਦੀ ਅਲੋਚਨਾ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਜਦੋਂ ਪਾਰਟੀ ਅਤੇ ਸੁਪਰੀਮ ਆਗੂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਭਾਜਪਾ ਸਰਕਾਰ ਨੇ ਝੂਠੇ ਮਾਮਲੇ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ, ਤਾਂ ਉਸ ਸਮੇਂ ਰਾਘਵ ਚੱਢਾ ਵਿਦੇਸ਼ਾਂ ਦੀਆਂ ਯਾਤਰਾਵਾਂ 'ਤੇ ਚਲੇ ਜਾਂਦੇ ਸਨ | ਉਧਰ 'ਆਪ' ਪੰਜਾਬ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਧਰਤ ਤੋਂ ਅਸਮਾਨ ਤੱਕ ਪਹੁੰਚਾਇਆ ਹੈ | ਪਹਿਲਾਂ ਦਿੱਲੀ ਵਿਚ ਵਿਧਾਇਕ ਅਤੇ ਫਿਰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ | ਪੰਜਾਬ ਦੇ ਲੋਕਾਂ ਨੇ ਰਾਘਵ ਚੱਢਾ ਨੂੰ ਮਣਾਂ ਮੂੰਹੀ ਪਿਆਰ ਦਿੱਤਾ ਪਰ ਰਾਘਵ ਚੱਢਾ ਨੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਉਹ ਭਾਜਪਾ ਲਈ ਇਕ ਟੂਲ ਵਜੋਂ ਕੰਮ ਕਰ ਰਿਹਾ ਹੈ |