30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਮਾਣਾ 'ਚ ਟਾਵਰ 'ਤੇ ਬੈਠੇ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ 18 ਮਹੀਨਿਆਂ ਬਾਅਦ ਸੁਰੱਖਿਅਤ ਹੇਠਾਂ ਉਤਾਰਿਆ <br/>

Ad Position 21
No active advertisement
ਅਜੀਤ ਡੈਸਕ 25-04-2026

ਪਟਿਆਲਾ/ਸਮਾਣਾ, 24 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ/ਪ੍ਰੀਤਮ ਸਿੰਘ ਨਾਗੀ)-ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ 18 ਮਹੀਨੇ 12 ਦਿਨਾਂ ਤੋਂ ਸਮਾਣਾ ਦੇ ਬੀ. ਐਸ. ਐਨ. ਐਲ. ਕੰਪਨੀ ਦੇ ਟਾਵਰ 'ਤੇ ਬੈਠੇ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਦੇਖ-ਰੇਖ ਹੇਠ ਪ੍ਰਸ਼ਾਸਨ ਵਲੋਂ ਬਚਾਓ ਆਪਰੇਸ਼ਨ ਚਲਾਉਂਦਿਆਂ ਸਫਲਤਾਪੂਰਵਕ ਹੇਠਾਂ ਉਤਾਰਿਆ ਗਿਆ | ਟਾਵਰ ਤੋਂ ਉਤਰਨ ਤੋਂ ਬਾਅਦ ਮੋਰਚੇ ਤੋਂ ਕੁੱਝ ਦੂਰੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਜਿੱਥੇ ਧਰਮ ਯੁੱਧ ਮੋਰਚਾ ਲਗਾਇਆ ਗਿਆ ਸੀ, ਉਥੇ ਪਾਠ ਦੇ ਭੋਗ ਪਾਏ ਗਏ, ਜਿੱਥੇ ਭਾਈ ਗੁਰਜੀਤ ਸਿੰਘ ਖ਼ਾਲਸਾ ਨੇ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਪੰਜਾਬ ਸਰਕਾਰ ਸਮੇਤ ਸੂਬੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਕਾਨੂੰਨ ਲਾਗੂ ਕਰਨ ਮਗਰੋਂ ਸਮਾਣਾ 'ਚ ਚੱਲ ਰਹੇ ਟਾਵਰ ਮੋਰਚਾ ਨੇ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਹੇਠਾਂ ਉਤਾਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ | ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੇ ਪੰਜਾਬ ਫਾਇਰ ਸਰਵਿਸ ਸਮੇਤ ਵੱਖ-ਵੱਖ ਟੀਮਾਂ ਨੂੰ ਚੌਕਸ ਕਰਦਿਆਂ ਭਾਰਤੀ ਫ਼ੌਜ ਤੋਂ ਵੀ ਤਕਨੀਕੀ ਸਹਾਇਤਾ ਲੈ ਕੇ ਇਸ ਸਮੁੱਚੇ ਆਪਰੇਸ਼ਨ ਦੀ ਦੇਖ-ਰੇਖ ਕਰ ਰਹੇ ਐਸ.ਪੀ. (ਐੱਚ) ਵੈਭਵ ਚੌਧਰੀ, ਆਪਰੇਸ਼ਨ ਦੇ ਨੋਡਲ ਅਫ਼ਸਰ ਐਸ.ਡੀ.ਐਮ. ਸਮਾਣਾ ਰਿਚਾ ਗੋਇਲ ਅਤੇ ਡੀ.ਐਸ.ਪੀ. ਫਤਹਿ ਸਿੰਘ ਬਰਾੜ ਦੀ ਹਾਜ਼ਰੀ ਵਿਚ ਸਹਾਇਕ ਮੰਡਲ ਫਾਇਰ ਅਫ਼ਸਰ ਹਰਿੰਦਰਪਾਲ ਸਿੰਘ ਦੀ ਫਾਇਰ ਬਿ੍ਗੇਡ ਟੀਮ ਨੇ ਇਹ ਬਚਾਅ ਕਾਰਜ ਨੇਪਰੇ ਚੜ੍ਹਾਇਆ | ਟਾਵਰ ਤੋਂ ਹੇਠਾਂ ਉਤਾਰਨ ਤੋਂ ਬਾਅਦ ਭਾਈ ਗੁਰਜੀਤ ਸਿੰਘ ਖ਼ਾਲਸਾ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਫਾਇਰ ਸਰਵਿਸ ਅਤੇ ਮੈਡੀਕਲ ਟੀਮ ਦੇ ਪ੍ਰਬੰਧਾਂ ਤੇ ਯਤਨਾਂ ਦੀ ਸ਼ਲਾਘਾ ਕੀਤੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਆਪਰੇਸ਼ਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਈ ਖ਼ਾਲਸਾ ਦੀ ਸਿਹਤ ਤੇ ਜ਼ਿੰਦਗੀ ਦੀ ਸੁਰੱਖਿਆ ਨੂੰ ਮੁੱਖ ਰੱਖਿਆ ਹੈ | ਉਨ੍ਹਾਂ ਕਿਹਾ ਕਿ ਹੇਠ ਉੱਤਰਦਿਆਂ ਹੀ ਸਮਾਣਾ ਦੇ ਐਸ.ਐਮ.ਓ. ਡਾ. ਨੰਦਨੀ ਸ਼ਰਮਾ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਸਹਾਇਕ ਪ੍ਰੋ. ਡਾ. ਪਰਮਿੰਦਰਪਾਲ ਸਿੰਘ ਦੀ ਮੈਡੀਕਲ ਟੀਮ ਨੇ ਉਨ੍ਹਾਂ ਦੀ ਸਿਹਤ ਦਾ ਨਿਰੀਖਣ ਕਰਕੇ ਲੋੜੀਂਦੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ | ਆਪਰੇਸ਼ਨ ਦੇ ਨੋਡਲ ਅਫ਼ਸਰ ਰਿਚਾ ਗੋਇਲ ਅਤੇ ਫਾਇਰ ਬਿ੍ਗੇਡ ਦੇ ਸਹਾਇਕ ਮੰਡਲ ਫਾਇਰ ਅਫ਼ਸਰ ਹਰਿੰਦਰਪਾਲ ਸਿੰਘ, ਫਾਇਰ ਸਟੇਸ਼ਨ ਅਫ਼ਸਰ ਰਜਿੰਦਰ ਕੌਸ਼ਲ ਅਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਫਾਇਰ ਬਿ੍ਗੇਡ ਵਲੋਂ ਨਗਰ ਨਿਗਮ ਲੁਧਿਆਣਾ ਤੋਂ ਟਰਨ ਟੇਬਲ ਲੈਡਰ ਲਿਆਂਦੀ ਗਈ | ਇਸ ਦੌਰਾਨ ਟਾਵਰ ਉੱਤੇ ਗਏ ਸਬ-ਫਾਇਰ ਅਫ਼ਸਰ ਰਮਨ ਕੁਮਾਰ ਦੀ ਟੀਮ ਮੈਂਬਰਾਂ 'ਚ ਫਾਇਰਮੈਨ ਕਮਲਜੀਤ ਸਿੰਘ, ਗਗਨਦੀਪ ਸਿੰਘ, ਗੁਰਚਰਨ ਸਿੰਘ, ਅਮਨਦੀਪ ਸਿੰਘ ਤੇ ਕਿ੍ਸ਼ਨ ਕੁਮਾਰ ਨੇ ਸੁਰੱਖਿਆ ਲਈ ਹਾਈਵੋਲਟੇਜ ਸਿਸਟਮ ਅਤੇ ਵਾਇਰਲੈੱਸ ਸੈੱਟ ਦੀ ਵਰਤੋਂ ਕਰਕੇ ਇਹਤਿਆਤ ਤੇ ਸੁਰੱਖਿਅਤ ਢੰਗ ਨਾਲ ਪੂਰੇ ਆਪਰੇਸ਼ਨ ਨੂੰ ਸਿਰੇ ਚੜ੍ਹਾਇਆ | ਟੀ.ਟੀ.ਐਲ. ਦੇ ਆਪਰੇਟਰ ਰਵੀ ਸ਼ੰਕਰ ਅਤੇ ਅਮਨਿੰਦਰ ਸਿੰਘ ਨੇ ਪੂਰੇ ਤਕਨੀਕੀ ਢੰਗ ਨਾਲ ਇਸ ਅਤਿ-ਆਧੁਨਿਕ ਲਿਫ਼ਟ ਨੂੰ ਆਪਰੇਟ ਕੀਤਾ |
ਸੰਗਤਾਂ 'ਚ ਖ਼ੁਸ਼ੀ-ਲੋਕਾਂ ਨੇ ਸੁੱਖ ਦਾ ਸਾਹ ਲਿਆ
ਸਮਾਣਾ ਵਾਸੀਆਂ ਵਲੋਂ ਬੇਸ਼ੱਕ ਲੰਮੇ ਸਮੇਂ ਤੋਂ ਇਸ ਮੋਰਚੇ ਦਾ ਸਾਥ ਦਿੱਤਾ ਜਾ ਰਿਹਾ ਸੀ ਪਰੰਤੂ ਕਈ ਵਾਰੀ ਦੁਕਾਨਦਾਰਾਂ ਵਲੋਂ ਆਪਣੀ ਦੁਕਾਨਦਾਰੀ ਘਟਣ ਕਾਰਨ ਆਪਣੀਆਂ ਮਜਬੂਰੀਆਂ ਦਾ ਵੀ ਜ਼ਿਕਰ ਕੀਤਾ ਗਿਆ ਸੀ | ਟਾਵਰ ਮੋਰਚਾ ਦੇ ਸਮਾਪਤ ਹੋਣ ਨਾਲ ਸੂਬੇ ਦੀ ਸੰਗਤ 'ਚ ਖ਼ੁਸ਼ੀ ਦਾ ਮਾਹੌਲ ਹੈ ਉੱਥੇ ਹੀ ਸਮਾਣਾ ਵਾਸੀਆਂ ਅਤੇ ਸਮਾਣਾ ਵਿਚ ਦੀ ਲੰਘਣ ਵਾਲੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਵੀ ਹੱਲ ਹੋ ਗਿਆ ਹੈ | ਇਸ ਮੋਰਚੇ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਚੌਕ ਜਿੱਥੇ ਪਿਛਲੇ 2 ਮਹੀਨਿਆਂ ਤੋਂ ਧਰਮ ਯੁੱਧ ਮੋਰਚਾ ਲਗਾਇਆ ਗਿਆ ਸੀ ਉਸ ਨਾਲ ਵੀ ਸਮਾਣਾ-ਪਾਤੜਾਂ ਸੜਕ ਜਾਮ ਹੋਣ ਦੇ ਕਾਰਨ ਵੱਡੀ ਗਿਣਤੀ ਲੋਕ ਪ੍ਰਭਾਵਿਤ ਹੋ ਰਹੇ ਸਨ ਅਤੇ ਉਨ੍ਹਾਂ ਦੇ ਕਾਰੋਬਾਰ ਲਗਭਗ ਠੱਪ ਹੋਏ ਪਏ ਸਨ |
ਐਸ.ਡੀ.ਐਮ. ਗੋਇਲ ਤੇ ਡੀ.ਐਸ.ਪੀ. ਬਰਾੜ ਦੀ ਹੋਈ ਸ਼ਲਾਘਾ
ਸਮਾਣਾ ਦੇ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ. ਰਿਚਾ ਗੋਇਲ ਤੇ ਡੀ.ਐਸ.ਪੀ. ਫਤਹਿ ਸਿੰਘ ਬਰਾੜ ਵਲੋਂ ਰੋਜ਼ਾਨਾ ਟਾਵਰ ਮੋਰਚਾ ਦੇ ਆਗੂਆਂ ਨਾਲ ਭਾਈ ਗੁਰਜੀਤ ਸਿੰਘ ਖ਼ਾਲਸਾ ਅਤੇ ਸਰਕਾਰ 'ਚ ਇਕ ਕੜੀ ਵਜੋਂ ਕੰਮ ਕਰਦਿਆਂ ਕਈ ਵਾਰੀ ਤਲਖ਼ੀ ਵਾਲੇ ਮਾਹੌਲ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਦਿਆਂ ਬਰਾਬਰ ਸਹਿਯੋਗ ਦਿੱਤਾ ਜਾਂਦਾ ਰਿਹਾ | ਕਈ ਵਾਰੀ ਸਮਾਣਾ ਦੇ ਲੋਕਾਂ ਨੂੰ ਆਉਂਦੀਆਂ ਦਿੱਕਤਾਂ ਬਾਰੇ ਦੋਵਾਂ ਅਧਿਕਾਰੀਆਂ ਵਲੋਂ ਟਾਵਰ ਮੋਰਚੇ ਦੇ ਆਗੂਆਂ ਨਾਲ ਸਲਾਹ ਕਰਕੇ ਉਸ ਦੇ ਹੱਲ ਵੀ ਕੀਤੇ ਜਾਂਦੇ ਰਹੇ ਅਤੇ ਜਦੋਂ ਭਾਈ ਖ਼ਾਲਸਾ ਵਲੋਂ 24 ਅਪ੍ਰੈਲ ਨੂੰ ਟਾਵਰ ਤੋਂ ਹੇਠਾਂ ਉੱਤਰਨ ਦੀ ਗੱਲ ਆਖੀ ਗਈ ਤਾਂ ਉਕਤ ਅਧਿਕਾਰੀਆਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਬਣਾਉਂਦਿਆਂ ਇਹ ਸਾਰਾ ਆਪਰੇਸ਼ਨ ਨੇਪਰੇ ਚਾੜਿ੍ਹਆ | ਇਹੋ ਕਾਰਨ ਰਿਹਾ ਕਿ ਟਾਵਰ ਤੋਂ ਉੱਤਰਦਿਆਂ ਸਾਰ ਹੀ ਭਾਈ ਗੁਰਜੀਤ ਸਿੰਘ ਖ਼ਾਲਸਾ ਵਲੋਂ ਵੀ ਦੋਨੋਂ ਅਧਿਕਾਰੀਆਂ ਐਸ.ਡੀ.ਐਮ. ਰਿਚਾ ਗੋਇਲ ਦਾ ਸਿਰ ਪਲੋਸ ਕੇ ਅਤੇ ਡੀ.ਐਸ.ਪੀ. ਫਤਹਿ ਸਿੰਘ ਬਰਾੜ ਨੂੰ ਘੁੱਟ ਕੇ ਜੱਫੀ ਪਾ ਕੇ ਆਪਣਾ ਧੰਨਵਾਦ ਜ਼ਾਹਿਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਭਾਜਪਾ ਲਈ ਟੂਲ ਵਜੋਂ ਕਰ ਰਿਹਾ ਕੰਮ-ਮੀਤ ਹੇਅਰ <br/> ਅਗਲੀ ਖ਼ਬਰ ਰਾਜ ਸਭਾ ਤੋਂ ਵਿਧਾਇਕਾਂ ਤੱਕ ਟੁੱਟ ਦੇ ਸੰਕੇਤ, ਮਾਨ ਸਰਕਾਰ 'ਤੇ ਸੰਕਟ ਗਹਿਰਾਇਆ-ਮਜੀਠੀਆ <br/>
Ad Position 24