30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਿੱਖ ਰਾਜ ਵੇਲੇ ਦੀਆਂ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਢਾਲਣ ਵਾਲੀਆਂ ਟਕਸਾਲਾਂ ਅੱਜ ਵੀ ਮੌਜੂਦ ‘ਪੰਜ-ਆਬ ਹੈਰੀਟੇਜ ਮਿਊਜ਼ੀਅਮ’ ’ਚ ਪ੍ਰਦਰਸ਼ਿਤ ਕੀਤੇ ਜਾ ਰਹੇ ਦੁਰਲੱਭ ਸਿੱਕੇ

ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਥਾਪਿਤ ਕੀਤੀਆਂ ਗਈਆਂ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਢਾਲਣ ਵਾਲੀਆਂ ਅੰਮ੍ਰਿਤਸਰ ਅਤੇ ਲਾਹੌਰ ਆਦਿ ਸ਼ਹਿਰਾਂ ਦੀਆਂ ਟਕਸਾਲਾਂ ਦੀਆਂ ਇਮਾਰਤਾਂ ਅੱਜ ਵੀ ਮੌਜੂਦ ਹਨ। ਸਿੱਖ ਰਾਜ ਵੇਲੇ ਸ਼ੇਰ-ਏ-ਪੰਜਾਬ ਵਲੋਂ ਜਾਰੀ ਕੀਤੇ ਜਾਂਦੇ ਰਹੇ ਸਿੱਕਿਆਂ ‘ਤੇ ਸ਼ਿਵ, ਰਾਮ, ਓਮ, ਤ੍ਰਿਸ਼ੂਲ, ਛਤਰ ਤੇ ਅਕਾਲ ਸਹਾਇ ਸ਼ਬਦ ਅਤੇ ਤਸਵੀਰਾਂ ਉੱਕਰੀਆਂ ਹੋਈਆਂ ਹਨ।

Ad Position 21
No active advertisement
ਦੁਰਲਭ ਸਿੱਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਤੀਕ ਸਹਿਦੇਵ, ਨਾਲ ਹੋਰ। ਤਸਵੀਰ : ਨਿਰਮਲ ਸਟੂਡੀਓ 31-08-2026
ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਥਾਪਿਤ ਕੀਤੀਆਂ ਗਈਆਂ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਢਾਲਣ ਵਾਲੀਆਂ ਅੰਮ੍ਰਿਤਸਰ ਅਤੇ ਲਾਹੌਰ ਆਦਿ ਸ਼ਹਿਰਾਂ ਦੀਆਂ ਟਕਸਾਲਾਂ ਦੀਆਂ ਇਮਾਰਤਾਂ ਅੱਜ ਵੀ ਮੌਜੂਦ ਹਨ। ਸਿੱਖ ਰਾਜ ਵੇਲੇ ਸ਼ੇਰ-ਏ-ਪੰਜਾਬ ਵਲੋਂ ਜਾਰੀ ਕੀਤੇ ਜਾਂਦੇ ਰਹੇ ਸਿੱਕਿਆਂ ‘ਤੇ ਸ਼ਿਵ, ਰਾਮ, ਓਮ, ਤ੍ਰਿਸ਼ੂਲ, ਛਤਰ ਤੇ ਅਕਾਲ ਸਹਾਇ ਸ਼ਬਦ ਅਤੇ ਤਸਵੀਰਾਂ ਉੱਕਰੀਆਂ ਹੋਈਆਂ ਹਨ। ਇਸ ਤੋਂ ਇਲਾਵਾ ਬਹੁਤਿਆਂ ਸਿੱਕਿਆਂ ’ਤੇ ਖ਼ੰਜਰ, ਝੰਡੇ ਅਤੇ ਸਵਾਸਤਿਕ ਜਿਹੇ ਧਾਰਮਿਕ ਚਿੰਨ੍ਹ ਮੌਜੂਦ ਹਨ। ਇਹ ਸਿੱਕੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਨਿਰਪੱਖਤਾ ਦੀ ਗਵਾਹੀ ਦੇ ਰਹੇ ਹਨ। ਪੰਜਾਬ ਦੇ ਸਭ ਤੋਂ ਵਿਸ਼ਾਲ ਨਿੱਜੀ ਅਜਾਇਬ-ਘਰ ‘ਪੰਜ-ਆਬ ਹੈਰੀਟੇਜ ਮਿਊਜ਼ੀਅਮ’ ਦੇ ਪ੍ਰਬੰਧਕ ਅਤੇ ਇਤਿਹਾਸਕ ਤੇ ਪ੍ਰਾਚੀਨ ਸਿੱਕਿਆਂ ’ਤੇ ਮੁਹਾਰਤ ਹਾਸਿਲ ਕਰ ਚੁਕੇ ਪ੍ਰਤੀਕ ਸਹਿਦੇਵ ਨੇ ‘ਅਜੀਤ’ ਨੂੰ ਦੱਸਿਆ ਕਿ ਸਿੱਖ ਰਾਜ ਦੇ ਦੌਰਾਨ ਅੰਮ੍ਰਿਤਸਰ, ਲਾਹੌਰ, ਪਿਸ਼ਾਵਰ, ਮੁਲਤਾਨ, ਝੰਗ, ਡੇਰਾ ਗ਼ਾਜ਼ੀ ਖਾਨ ਤੇ ਡੇਰਾ ਇਸਮਾਈਲ ਖਾਨ ਆਦਿ ਟਕਸਾਲਾਂ ਤੋਂ ਸੋਨੇ, ਚਾਂਦੀ ਅਤੇ ਤਾਂਬੇ ਦੇ ਜੋ ਸਿੱਕੇ ਢਲਾਏ ਗਏ ਉਨ੍ਹਾਂ ’ਤੇ ਦੇਵਨਾਗਰੀ (ਹਿੰਦੀ) ’ਚ ਸ਼ਿਵ ਤੇ ਰਾਮ, ਗੁਰਮੁਖੀ ਵਿਚ ਰਮ (ਰਾਮ) ਤੇ ਸਤ (ਸਤਿ) ਅਤੇ ਫ਼ਾਰਸੀ ਵਿਚ ਸ੍ਰੀਰਾਮ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਸੰਮਤ ਬਿਕ੍ਰਮੀ 1884 (ਸੰਨ 1827) ’ਚ ਕਸ਼ਮੀਰ ਦੀ ਟਕਸਾਲ ਤੋਂ ਜੋ ਸਿੱਕੇ ਢਲਾਏ ਗਏ ਉਨ੍ਹਾਂ ’ਤੇ ਪਵਿੱਤਰ ਧਾਰਮਿਕ ਚਿੰਨ੍ਹ ਸਵਾਸਤਿਕ ਉੱਕਰਿਆ ਹੋਇਆ ਹੈ। ਸ਼ੇਰ-ਏ-ਪੰਜਾਬ ਦੇ ਰਾਜ ਦੌਰਾਨ ਮਾਨਕੇਰਾ, ਮੁਜੰਗ, ਡੇਰਾ ਜਾਤ ਆਦਿ ਤੋਂ ਵੀ ਸਿੱਕੇ ਜਾਰੀ ਕੀਤੇ ਗਏ। ਪ੍ਰਤੀਕ ਸਹਿਦੇਵ ਦੇ ਅਨੁਸਾਰ ਸੰਮਤ ਬਿਕ੍ਰਮੀ 1845 ਤੋਂ ਸਿੱਖ ਰਾਜ ਦੇ ਅੰਤ ਤਕ ਜਾਰੀ ਕੀਤੇ ਜਾਣ ਵਾਲੇ ਸਿੱਖ ਰਾਜ ਦੇ ਸਾਰੇ ਸਿੱਕਿਆਂ ‘ਤੇ ਪੱਤੇ ਦਾ ਚਿੰਨ੍ਹ ਉੱਕਰਿਆ ਜਾਂਦਾ ਰਿਹਾ, ਜੋ ਕਿ ਵਾਤਾਵਰਨ ਨੂੰ ਅਹਿਮੀਅਤ ਦਿੱਤੇ ਜਾਣ ਦਾ ਪ੍ਰਤੀਕ ਸੀ।’ਪੰਜ-ਆਬ ਹੈਰੀਟੇਜ ਮਿਊਜ਼ੀਅਮ’ ‘ਚ ਪ੍ਰਦਰਸ਼ਨੀ ਲਈ ਰੱਖੇ ਉਕਤ ਸਿੱਕਿਆਂ ਬਾਰੇ ਪ੍ਰਤੀਕ ਸਹਿਦੇਵ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਚਲੀ ਸਰਕਾਰੀ ਟਕਸਾਲ ਤੋਂ ਸਿੱਖ ਰਾਜ ਵੇਲੇ ਜੋ ਸਿੱਕੇ ਢਲਵਾਏ ਗਏ, ਉਨ੍ਹਾਂ ‘ਚੋਂ ਕੁੱਝ ‘ਤੇ ਦੋ ਝੰਡੇ ਉੱਕਰੇ ਹੋਏ ਹਨ। ਮੌਜੂਦਾ ਸਮੇਂ ਇਹ ਸਿੱਕੇ ਬਹੁਤ ਘੱਟ ਉਪਲਬਧ ਹਨ। ਸਿੱਖ ਰਾਜ ਦੇ ਸਿੱਕਿਆਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ੇਰ-ਏ-ਪੰਜਾਬ ਦੇ ਸ਼ਾਸਨ ਸਮੇਂ ਲਾਹੌਰ ਅਤੇ ਅੰਮ੍ਰਿਤਸਰ ਦੀ ਸਰਕਾਰੀ ਟਕਸਾਲ ਤੋਂ ਸੰਨ 1805-06, ਮੁਲਤਾਨ ਤੋਂ ਸੰਨ 1818 ਅਤੇ ਕਸ਼ਮੀਰ ਤੋਂ ਸੰਨ 1819 ‘ਚ ਇਕ ਰੁਪਏ, ਅੱਠ ਆਨੇ ਅਤੇ ਚਾਰ ਆਨੇ ਦੇ ਸਿੱਕਿਆਂ ਸਮੇਤ ਬੁਤਕੀਆਂ ਢਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮਿਸਲ ਕਾਲ ਸਮੇਂ ਢਲਾਏ ਗਏ ਵਧੇਰੇਤਰ ਸਿੱਕਿਆਂ ‘ਤੇ ਇਕ ਪਾਸੇ ‘ਸਿੱਕਾ ਜ਼ਦ ਬਰ ਹਰ ਦੋ ਆਲਮ, ਫ਼ਜ਼ਲ ਸੱਚਾ ਸਾਹਿਬ ਅਸਤ’ ਅਤੇ ਦੂਸਰੇ ਪਾਸੇ ਫ਼ਤਿਹ ਸਾਈਂ ਗੁਰੂ ਗੋਬਿੰਦ ਸਿੰਘ ਸ਼ਾਹ ਨਾਨਕ ਸਾਹਿਬ ਵਾਹਿਬ ਅਸਤ’ ਉੱਕਰਿਆ ਹੋਇਆ ਹੈ, ਜਦਕਿ ਕੁੱਝ ਸਿੱਕਿਆਂ ‘ਤੇ ਇਕ ਪਾਸੇ ‘ਦੇਗ ਤੇਗ਼ ਫ਼ਤਿਹ, ਨੁਸਰਤ ਬੇ-ਦਰੰਗ’ ਅਤੇ ਦੂਸਰੇ ਪਾਸੇ ‘ਯਾ-ਫ਼ਤ-ਜ਼ ਨਾਨਕ ਗੋਬਿੰਦ ਸਿੰਘ’ ਉੱਕਰਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਵਲੋਂ ਢਲਾਏ ਗੋਬਿੰਦਸ਼ਾਹੀ ਤੇ ਨਾਨਕਸ਼ਾਹੀ ਸਿੱਕਿਆਂ ‘ਤੇ ‘ਅਕਾਲ ਸਹਾਇ ਗੁਰੂ ਨਾਨਕ ਜੀ’ ਉੱਕਰਿਆ ਹੈ ਅਤੇ ਉਨ੍ਹਾਂ ਵਲੋਂ ਢਲਾਏ ਵਧੇਰੇਤਰ ਸਿੱਕੇ ਗੁਰੂ ਸਾਹਿਬਾਨ ਨੂੰ ਸਮਰਪਿਤ ਹਨ, ਜਦਕਿ ਮਹਾਰਾਜਾ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਸ਼ਾਸਨ ਦੇ ਦੌਰਾਨ ਜੋ ਸਿੱਕੇ ਢਲਾਏ ਉਨ੍ਹਾਂ ‘ਤੇ ‘ਅਕਾਲ ਸਹਾਇ ਗੁਰੂ ਨਾਨਕ ਜੀ’ ਦੀ ਥਾਂ ‘ਤੇ ‘ਤੇ ‘ਅਕਾਲ ਸਹਾਇ ਸ਼ੇਰ ਸਿੰਘ’ ਉੱਕਰਿਆ ਗਿਆ। ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਸੰਮਤ ਬਿਕ੍ਰਮੀ 1904-05 (ਸੰਨ 1847-48) ਵਿਚ ਪਿੰਡ ਦਾਦਨ ਖ਼ਾਨ ਦੀ ਟਕਸਾਲ ਤੋਂ ਜੋ ਸਿੱਕੇ ਢਲਾਏ ਗਏ, ਉਨ੍ਹਾਂ ‘ਤੇ ਵੀ ਹਿੰਦੂ ਧਾਰਮਿਕ ਚਿੰਨ੍ਹ ਉੱਕਰੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨਾਲ ਸੰਬੰਧ ਮਜ਼ਬੂਤ ਕਰਨ ਲਈ ਤਾਲਿਬਾਨ ਉਤਸੁਕ-ਜ਼ਬੀਹੁੱਲਾ ਮੁਜਾਹਿਦ ਅਗਲੀ ਖ਼ਬਰ ਪੈਸਿਆਂ ਲਈ ਕਲਯੁਗੀ ਪੁੱਤ ਵਲੋਂ ਪਿਓ ਦਾ ਕਤਲ
Ad Position 24