ਚੰਡੀਗੜ੍ਹ, 24 ਅਪ੍ਰੈਲ (ਪੋ੍ਰ. ਅਵਤਾਰ ਸਿੰਘ) 'ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਦਾ ਪਾਰਟੀ ਨੂੰ ਛੱਡਣਾ ਹਾਲੇ ਤਾਂ ਟਰੇਲਰ ਹੈ, ਫ਼ਿਲਮ ਅਜੇ ਬਾਕੀ ਹੈ' | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸੱਦੀ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਿਆਸੀ ਹਲਚਲ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅੰਦਰ ਹਲਚਲ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ 'ਤੇ ਟੁੱਟ ਹੋਵੇਗੀ ਜੋ ਭਗਵੰਤ ਮਾਨ ਸਰਕਾਰ ਨੂੰ ਅਸਥਿਰ ਕਰੇਗੀ | ਮਜੀਠੀਆ ਨੇ ਕਿਹਾ ਕਿ ਹੁਣ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਵਿਧਾਇਕਾਂ ਦਾ ਪਾਰਟੀ ਛੱਡਣ ਦਾ ਸਿਲਸਿਲਾ ਜਲੰਧਰ ਅਤੇ ਲੁਧਿਆਣਾ ਤੋਂ ਸ਼ੁਰੂ ਹੋਵੇਗਾ | ਇਸ ਦੇ ਨਾਲ ਹੀ ਇਸ ਪ੍ਰੈਸ ਕਾਨਫ਼ਰੰਸ ਦੌਰਾਨ ਮਜੀਠੀਆ ਨੇ ਸਾਬਕਾ ਰਾਗੀ ਭਾਈ ਹਰਬੰਸ ਸਿੰਘ ਦੇ ਪਰਿਵਾਰ ਦੀ ਜਾਇਦਾਦ ਹੜੱਪ ਕੀਤੇ ਜਾਣ ਦੇ ਮਾਮਲੇ ਵਿਚ ਧਮਕੀ ਦੇਣ ਵਾਸਤੇ 'ਆਪ' ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 'ਆਪ' ਵਿਧਾਇਕ ਨੇ ਨਾ ਸਿਰਫ ਰਾਗੀ ਪਰਿਵਾਰ ਦੀ ਜਾਇਦਾਦ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਪਰਿਵਾਰ ਵਲੋਂ ਮਦਦ ਕਰਨ ਵਾਸਤੇ ਉਨ੍ਹਾਂ ਕੋਲ ਪਹੁੰਚ ਕਰਨ 'ਤੇ ਨਾ ਸਿਰਫ ਜਾਇਦਾਦ ਵਿਚ ਹਿੱਸਾ ਮੰਗਿਆ ਬਲਕਿ ਇਹ ਵੀ ਮੰਗ ਕੀਤੀ ਕਿ 20 ਕਰੋੜ ਰੁਪਏ ਦੀ ਜਾਇਦਾਦ ਉਨ੍ਹਾਂ ਨੂੰ ਸਿਰਫ 5 ਕਰੋੜ ਰੁਪਏ ਵਿਚ ਵੇਚ ਦਿੱਤੀ ਜਾਵੇ |