ਚੰਡੀਗੜ੍ਹ, 24 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਅੰਦਰ ਚੱਲ ਰਹੀ ਟੁੱਟ ਨੇ ਪਾਰਟੀ ਦਾ ਅਸਲ ਚਿਹਰਾ ਸਾਹਮਣੇ ਲਿਆ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਸੰਕਟ ਵਿਚਾਰਧਾਰਾ ਦਾ ਨਹੀਂ, ਸਗੋਂ ਪੰਜਾਬ ਦੇ ਸਰੋਤਾਂ ਅਤੇ ਲੋਕਾਂ ਦੇ ਪੈਸੇ 'ਤੇ ਕਾਬੂ ਹਾਸਲ ਕਰਨ ਦੀ ਲੜਾਈ ਦਾ ਨਤੀਜਾ ਹੈ | ਬਾਜਵਾ ਨੇ ਕਿਹਾ ਕਿ ਹਾਲੀਆ ਘਟਨਾਕ੍ਰਮ ਨੇ ਉਨ੍ਹਾਂ ਚਿੰਤਾਵਾਂ ਨੂੰ ਸੱਚ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ 'ਆਪ' ਦੀ ਰਾਜਨੀਤੀ ਸ਼ਾਸਨ ਤੋਂ ਵੱਧ ਰਾਜ ਦੇ ਖਜ਼ਾਨੇ ਤੱਕ ਪਹੁੰਚ ਲਈ ਅੰਦਰੂਨੀ ਹੋੜ ਨਾਲ ਪ੍ਰੇਰਿਤ ਰਹੀ ਹੈ |
'ਆਪ' ਸਰਕਾਰ ਨੇ ਕਾਂਗਰਸੀਆਂ 'ਤੇ ਵੀ ਦਿੱਤੇ ਪਰਚੇ ਪਰ ਕਾਂਗਰਸੀ ਹੋਰ ਪਾਰਟੀ 'ਚ ਨਹੀਂ ਗਏ-ਰੰਧਾਵਾ
ਸੀਨੀਅਰ ਕਾਂਗਰਸੀ ਨੇਤਾ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਸਾਹਮਣੇ ਆ ਗਿਆ ਹੈ | ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਉਨ੍ਹਾਂ ਦੇ ਰਾਜ ਸਭਾ ਮੈਂਬਰਾਂ ਨੂੰ ਈ.ਡੀ. ਅਤੇ ਸੀ.ਬੀ.ਆਈ. ਤੋਂ ਡਰਾ ਧਮਕਾ ਕੇ ਭਾਜਪਾ 'ਚ ਸ਼ਾਮਿਲ ਕਰਾਇਆ ਗਿਆ, ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੀ ਗਿਣਤੀ ਵਿਚ ਕਾਂਗਰਸ ਦੇ ਲੀਡਰਾਂ 'ਤੇ ਝੂਠੇ ਪਰਚੇ ਪਾ ਕੇ ਉਨ੍ਹਾਂ ਨੂੰ ਅੰਦਰ ਕੀਤਾ, ਪਰ ਉਹ ਤਾਂ ਡਰ ਕੇ ਕਿਸੇ ਹੋਰ ਪਾਰਟੀ ਵਿਚ ਨਹੀਂ ਗਏ |
'ਆਪ' 'ਚ ਟੁੱਟ ਨੇ ਸੱਤਾ ਤੇ ਲੁੱਟ ਦੀ ਰਾਜਨੀਤੀ ਨੂੰ ਬੇਨਕਾਬ ਕੀਤਾ, ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ-ਬਾਜਵਾ <br/>
ਅਜੀਤ ਡੈਸਕ
25-04-2026