ਚੰਡੀਗੜ੍ਹ, 25 ਅਪ੍ਰੈਲ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਨਿਚਰਵਾਰ ਨੂੰ ਪੰਜਾਬ ਦੇ ਅੰਮਿ੍ਤਸਰ ਸਥਿਤ ਮਜੀਠ ਮੰਡੀ ਦੇ ਵਪਾਰੀਆਂ ਦੇ ਇੱਕ ਵਫ਼ਦ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ | ਇਹ ਮੁਲਾਕਾਤ ਚੰਡੀਗੜ੍ਹ ਮੁੱਖ ਮੰਤਰੀ ਆਵਾਸ 'ਤੇ ਹੋਈ ਹੈ | ਇਸ ਮੌਕੇ ਵਪਾਰੀਆਂ ਨੇ ਆਪਣੀ ਕਾਰੋਬਾਰ ਦੇ ਵਿਸਤਾਰ ਤੇ ਹਰਿਆਣਾ ਵਿਚ ਨਿਵੇਸ਼ ਦੀ ਸੰਭਾਵਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਵਿਸਤਾਰ ਨਾਲ ਚਰਚਾ ਕੀਤੀ | ਮੀਟਿੰਗ ਦੌਰਾਨ ਮਜੀਠ ਮੰਡੀ, ਅੰਮਿ੍ਤਸਰ ਦੇ ਵਪਾਰੀਆਂ ਵਲੋਂ ਸੁੱਖੇ ਮੇਵੇ ਦੇ ਹੋਲਸੇਲ ਵਪਾਰ ਨੂੰ ਸੋਨੀਪਤ ਵਿਚ ਵਿਸਤਰਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ 'ਤੇ ਮੁੱਖ ਮੰਤਰੀ ਨੇ ਹਾਂ ਪੱਖੀ ਰੁੱਖ ਅਪਣਾਉਂਦੇ ਹੋਏ ਇਸ ਨੂੰ ਮਨਜ਼ੂਰੀ ਪ੍ਰਦਾਨ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਵਪਾਰ ਅਤੇ ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ ਅਤੇ ਨਿਵੇਸ਼ਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਮਿ੍ਤਸਰ ਤੋਂ ਆਏ ਸਾਰੇ ਵਪਾਰੀਆਂ ਦਾ ਹਰਿਆਣਾ ਵਿਚ ਸਵਾਗਤ ਕੀਤਾ | ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਚੀਫ਼ ਕੁਆਰਡੀਨੇਟਰ ਇੰਡਸਟਰੀ ਸੁਨੀਲ ਸ਼ਰਮਾ ਵੀ ਮੌਜੂਦ ਸਨ |