ਸੰਗਰੂਰ, ਚੀਮਾ ਮੰਡੀ 25 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੱਚਖੰਡ ਵਾਸੀ ਪਦਮ ਸ੍ਰੀ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100 ਸਾਲਾਂ ਜਨਮ ਦਿਹਾੜੇ ਮੌਕੇ ਮਹਾਨ ਗੁਰਮਤਿ ਸਮਾਗਮ 28, 29, 30 ਅਪ੍ਰੈਲ ਅਤੇ 1 ਮਈ ਨੂੰ ਗੁ. ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਬੜੂ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਇਸ ਮੌਕੇ ਜਿੱਥੇ 28 ਤੋਂ 30 ਅਪ੍ਰੈਲ ਤੱਕ 117 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਥੇ ਨਾਲ ਹੀ ਸ੍ਰੀ ਸਹਿਜ ਪਾਠਾਂ ਦੇ ਵੀ ਭੋਗ ਪਾਏ ਜਾਣਗੇ ਅਤੇ 1 ਮਈ ਨੂੰ ਸਵੇਰੇ ਸ਼ਾਮ ਕਥਾ ਕੀਰਤਨ, ਦੀਵਾਨ ਸਜਾਏ ਜਾਣਗੇ | ਉਨ੍ਹਾਂ ਦੱਸਿਆ ਕਿ 1 ਮਈ ਨੂੰ ਸਵੇਰੇ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ | ਉਕਤ ਸਮਾਗਮ ਦੌਰਾਨ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬ, ਕਥਾਵਾਚਕ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਅਤੇ ਸੰਤਾਂ-ਮਹਾਂਪੁਰਸ਼ ਹਾਜ਼ਰੀ ਭਰਨਗੇ | ਉਨ੍ਹਾਂ ਦੱਸਿਆ ਕਿ ਸਮਾਗਮ ਦੇ ਅਖੀਰਲੇ ਦਿਨ ਸਿੰਘ ਸਾਹਿਬ ਗਿਆਨੀ ਬਲਦੇਵ ਸਾਹਿਬ ਪਟਨਾ ਸਾਹਿਬ, ਗਿਆਨੀ ਗਗਨਦੀਪ ਸਿੰਘ ਕਥਾਵਾਚਕ ਪਟਨਾ ਸਾਹਿਬ, ਭਾਈ ਕੰਵਲਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ, ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਜਗਤਾਰ ਸਿੰਘ ਕਾਨਗੜ ਵਾਲੇ ਸੰਗਤਾਂ ਨਾਲ ਗੁਰਮਤਿ ਵਚਨਾਂ ਦੀ ਸਾਂਝ ਪਾਉਣਗੇ ਅਤੇ ਸਮਾਗਮ ਦੇ ਅਖੀਰ 'ਚ ਕਲਗ਼ੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪ੍ਰਵਚਨ ਦੇਣਗੇ |