ਅੰਮਿ੍ਤਸਰ, 26 ਅਪ੍ਰੈਲ (ਸੁਰਿੰਦਰ ਕੋਛੜ)-ਖ਼ਾਲਸਾ ਦਰਬਾਰ ਦੀ ਗਰਮੀਆਂ ਦੀ ਰਾਜਧਾਨੀ ਰਹੇ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਬਾਰਾਂਦਰੀ ਰੱਖ-ਰਖਾਅ ਦੀ ਘਾਟ ਕਾਰਨ ਖੰਡਰ 'ਚ ਤਬਦੀਲ ਹੋ ਚੁਕੀ ਹੈ ਤੇ ਭੂਮੀ ਮਾਫ਼ੀਆ ਦੇ ਲੋਕ ਇਸ ਇਤਿਹਾਸਕ ਵਿਰਸੇ ਦਾ ਖੁਰਾ-ਖੋਜ ਖ਼ਤਮ ਕਰਨ ਦੀਆਂ ਤਿਆਰੀਆਂ 'ਚ ਹਨ | ਵਿਰਾਸਤੀ ਮੰਚ ਬਟਾਲਾ ਦੀਆਂ ਕੋਸ਼ਿਸ਼ਾਂ ਸਦਕਾ ਇੱਥੇ ਗੈਰ-ਕਾਨੂੰਨੀ ਢੰਗ ਨਾਲ ਕੀਤੀ ਜਾਣ ਵਾਲੀ ਉਸਾਰੀ ਭਾਵੇਂ ਕਿ ਅਸਥਾਈ ਤੌਰ 'ਤੇ ਰੁਕ ਗਈ ਹੈ, ਪਰ ਭੂਮੀ ਮਾਫ਼ੀਆ ਦੀਆਂ ਇਸ ਵਿਰਾਸਤੀ ਧਰੋਹਰ ਨੂੰ ਢਾਹੁਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ | ਵਿਰਾਸਤੀ ਮੰਚ ਬਟਾਲਾ ਸਮੇਤ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਸੰਸਥਾ ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮਿ੍ਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਆਦਿ ਨੇ ਪੰਜਾਬ ਸਰਕਾਰ ਅਤੇ ਪੁਰਾਤਤਵ ਵਿਭਾਗ ਤੋਂ ਬਾਰਾਂਦਰੀ ਦੇ ਰੱਖ-ਰਖਾਅ ਦੀ ਮੰਗ ਕਰਦਿਆਂ ਕਿਹਾ ਕਿ ਸਿੱਖ ਰਾਜ ਦੀ ਅਮੀਰ ਵਿਰਾਸਤ ਨਾਲ ਸੰਬੰਧਿਤ ਅਲੋਪ ਹੋ ਰਹੀ ਦੀਨਾ ਨਗਰ ਦੀ ਇਤਿਹਾਸਕ ਬਾਰਾਂਦਰੀ ਦੀ ਸੰਭਾਲ ਕਰਨਾ ਬੇਹੱਦ ਜ਼ਰੂਰੀ ਹੈ | ਅੰਮਿ੍ਤਸਰ ਦੇ ਨਵ-ਨਿਯੁਕਤ ਜ਼ਿਲ੍ਹਾ ਜਨ-ਸੰਪਰਕ ਅਧਿਕਾਰੀ ਅਤੇ ਸਿੱਖ ਇਤਿਹਾਸ ਦੇ ਜਾਣਕਾਰ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਦੀਨਾਨਗਰ ਸਥਿਤ ਇਹ ਇਤਿਹਾਸਕ ਬਾਰਾਂਦਰੀ ਪੰਜਾਬ ਸਰਕਾਰ ਵਲੋਂ ਸਾਲ 2010 'ਚ ਸੁਰੱਖਿਅਤ ਇਮਾਰਤ ਐਲਾਨੀ ਜਾ ਚੁਕੀ ਹੈ | ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਹਰ ਸਾਲ ਗਰਮੀਆਂ ਦੇ ਮਹੀਨੇ ਦੀਨਾਨਗਰ ਦੀ ਇਸ ਬਾਰਾਂਦਰੀ ਵਿਖੇ ਗੁਜ਼ਾਰਦੇ ਸਨ | ਇਸ ਸ਼ਹਿਰ 'ਚ ਸਰਕਾਰ ਖ਼ਾਲਸਾ ਦੀ ਇਕ ਵੱਡੀ ਫ਼ੌਜੀ ਛਾਉਣੀ ਵੀ ਸੀ | ਮਹਾਰਾਜਾ ਵਲੋਂ ਦੀਨਾਨਗਰ ਵਿਖੇ ਕਈ ਇਤਿਹਾਸਕ ਦਰਬਾਰ ਸਜਾਏ ਗਏ, ਇਸੇ ਕਰਕੇ ਇਸ ਨੂੰ ਸਰਕਾਰ ਖ਼ਾਲਸਾ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ | ਇੰਦਰਜੀਤ ਸਿੰਘ ਹਰਪੁਰਾ ਅਨੁਸਾਰ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿਖੇ ਮਈ 1838 'ਚ ਲਾਹੌਰ ਦਰਬਾਰ, ਅੰਗਰੇਜ਼ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦਰਮਿਆਨ ਤ੍ਰੈ-ਪੱਖੀ ਸੰਧੀ ਹੋਈ ਸੀ | ਇਸ ਤੋਂ ਇਲਾਵਾ ਕਸ਼ਮੀਰ ਨੂੰ ਫ਼ਤਿਹ ਕਰਨ ਦੀ ਵਿਉੇਂਤਬੰਧੀ ਵੀ ਇੱਥੇ ਹੀ ਘੜੀ ਗਈ ਸੀ | ਦੱਸਣਯੋਗ ਹੈ ਕਿ ਅੰਗਰੇਜ਼ ਲਿਖਾਰੀ ਵਿਲੀਅਮ ਜੀ. ਆਸਬਰਨ ਅੰਗਰੇਜ਼ੀ ਵਫ਼ਦ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਦੀਨਾਨਗਰ ਸਥਿਤ ਦਰਬਾਰ 'ਚ ਪਹੁੰਚਿਆ ਸੀ | ਉਸ ਨੇ ਆਪਣੀ ਕਿਤਾਬ 'ਮਹਾਰਾਜਾ ਰਣਜੀਤ ਸਿੰਘ ਕੋਰਟ ਐਂਡ ਕੈਂਪਸ' 'ਚ ਦੀਨਾਨਗਰ ਦੇ ਸ਼ਾਹੀ ਦਰਬਾਰ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ |
ਖੰਡਰ 'ਚ ਤਬਦੀਲ ਹੋ ਰਹੀ ਹੈ ਸ਼ੇਰ-ਏ-ਪੰਜਾਬ ਦੀ ਇਤਿਹਾਸਕ ਬਾਰਾਦਰੀ <br/>
ਅਜੀਤ ਡੈਸਕ
27-04-2026