ਭਰਤਗੜ੍ਹ, 26 ਅਪ੍ਰੈਲ (ਜਸਬੀਰ ਸਿੰਘ ਬਾਵਾ)-ਅੱਜ ਕਰੀਬ 9 ਵਜੇ ਕੌਮੀ ਮਾਰਗ 'ਤੇ ਹਵੇਲੀ ਨੇੜੇ ਮੋਟਰਸਾਈਕਲ ਅਤੇ ਭਾਰੀ ਵਾਹਨ ਦੇ ਟਕਰਾਉਣ ਨਾਲ ਵਾਪਰੇ ਹਾਦਸੇ ਦੌਰਾਨ ਪਤਨੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਜ਼ਖਮੀ ਪਤੀ ਨੂੰ ਲੋੜੀਂਦੇ ਇਲਾਜ ਲਈ 108 ਨੰਬਰੀ ਐਂਬੂਲੈਂਸ ਰਾਹੀਂ ਭਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਹੈ | ਸੜਕ ਸੁਰੱਖਿਆ ਮੁਲਾਜ਼ਮ ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਹਾਦਸੇ ਦੀ ਇਤਲਾਹ ਪੁਲਿਸ ਚੌਕੀ ਭਰਤਗੜ੍ਹ ਅਤੇ ਕੌਮੀ ਮਾਰਗ ਨਿਰਮਾਣ ਅਥਾਰਿਟੀ ਨੂੰ ਦੇਣ ਮਗਰੋਂ ਖ਼ੁਦ ਰਾਹਗੀਰਾਂ ਦੇ ਸਹਿਯੋਗ ਨਾਲ ਬਚਾਓ ਕਾਰਜਾਂ 'ਚ ਯਤਨਸ਼ੀਲ ਰਹੇ, ਜ਼ਖਮੀ ਵਿਅਕਤੀ ਨੂੰ ਲੋੜੀਂਦੇ ਇਲਾਜ ਲਈ ਭੇਜ ਦਿੱਤਾ ਗਿਆ ਹੈ | ਭਰਤਗੜ੍ਹ ਪੁਲਿਸ ਚੌਕੀ 'ਚ ਤਾਇਨਾਤ ਏ. ਐਸ. ਆਈ. ਸੁਰਜੀਤ ਸਿੰਘ ਮੱਲ੍ਹੀ ਅਤੇ ਰਵਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਦੋਵੇਂ ਪਤੀ ਪਤਨੀ ਭਰਤਗੜ੍ਹ ਤੋਂ ਮੋਟਰਸਾਈਕਲ ਰਾਹੀਂ ਆਪਣੇ ਘਰ ਪਰਤ ਰਹੇ ਸਨ, ਉਕਤ ਥਾਂ 'ਤੇ ਭਾਰੀ ਵਾਹਨ ਅਤੇ ਮੋਟਰਸਾਈਕਲ ਟਕਰਾਉਣ ਨਾਲ ਵਾਪਰੇ ਹਾਦਸੇ ਦੌਰਾਨ ਇੱਕ ਜਾਨੀ ਨੁਕਸਾਨ ਅਤੇ ਇੱਕ ਜ਼ਖਮੀ ਹੋਇਆ ਸੀ | ਇਨ੍ਹਾਂ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ, ਪੋਸਟ ਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾਘਰ 'ਚ ਰੱਖਿਆ ਹੈ, ਇਨ੍ਹਾਂ ਦੱਸਿਆ ਕਿ ਮਿ੍ਤਕਾ ਦੀ ਸ਼ਨਾਖ਼ਤ ਸੁਮਨ ਦੇਵੀ (56) ਪਤਨੀ ਚਰਨ ਸਿੰਘ ਅਤੇ ਜ਼ਖਮੀ ਦੀ ਸ਼ਨਾਖ਼ਤ ਚਰਨ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਵਾਸੀ: ਥਲੀ ਕਲਾਂ, ਥਾਣਾ: ਸਦਰ, ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ | ਇਨ੍ਹਾਂ ਮੁਤਾਬਿਕ ਮਿ੍ਤਕਾ ਦੇ ਪੁੱਤਰ ਵਿਦੇਸ਼ ਤੋਂ ਆਉਣ ਮਗਰੋਂ ਪੋਸਟ ਮਾਰਟਮ 27 ਅਪ੍ਰੈਲ ਨੂੰ ਹੋਵੇਗਾ ਅਤੇ ਵਾਰਸਾਂ ਦੇ ਬਿਆਨਾਂ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |