ਅੰਮਿ੍ਤਸਰ, 26 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਉੱਤਰੀ ਚੀਨ ਦੇ ਸ਼ਾਂਕਸੀ ਪ੍ਰਾਂਤ 'ਚ ਤਾਈਯੂਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਪਾਕਿਸਤਾਨੀ ਰਿਮੋਟ ਸੈਂਸਿੰਗ ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕੀਤਾ | ਇਹ ਪਾਕਿ ਦੇ ਪੁਲਾੜ ਪ੍ਰੋਗਰਾਮ ਲਈ ਵੱਡੀ ਪ੍ਰਾਪਤੀ ਦਰਸਾਉਂਦਾ ਹੈ | ਅਧਿਕਾਰਤ ਰਿਪੋਰਟਾਂ ਅਨੁਸਾਰ ਪੀ. ਆਰ. ਐੱਸ. ਸੀ.-ਈ. ਓ. 3 ਨਾਮਕ ਸੈਟੇਲਾਈਟ ਨੂੰ ਚੀਨੀ ਲੌਂਗ ਮਾਰਚ-6 ਰਾਕਟ ਰਾਹੀਂ ਪੁਲਾੜ 'ਚ ਲਾਂਚ ਕੀਤਾ ਗਿਆ ਸੀ | ਇਹ ਸੈਟੇਲਾਈਟ ਸਫਲਤਾਪੂਰਵਕ ਆਪਣੇ ਨਿਰਧਾਰਿਤ ਔਰਬਿਟ 'ਚ ਦਾਖ਼ਲ ਹੋ ਗਿਆ ਹੈ | ਪੀ. ਆਰ. ਐੱਸ. ਸੀ.-ਈ. ਓ. 3 ਤੋਂ ਕੁਦਰਤੀ ਸਰੋਤਾਂ, ਆਫ਼ਤ ਪ੍ਰਬੰਧਨ ਅਤੇ ਵਾਤਾਵਰਨ ਤਬਦੀਲੀ ਦੀ ਨਿਗਰਾਨੀ ਸਮੇਤ ਧਰਤੀ ਨਿਰੀਖਣ 'ਚ ਪਾਕਿ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ | ਹਾਲਾਂਕਿ, ਇਨ੍ਹਾਂ ਸਮਰੱਥਾਵਾਂ ਦੀ ਅਸਲ ਵਰਤੋਂ ਫ਼ੌਜੀ ਸਮਰੱਥਾਵਾਂ 'ਚ ਵਾਧਾ ਕਰਨ ਲਈ ਕੀਤੀ ਜਾਵੇਗੀ | ਪਾਕਿਸਤਾਨ ਇਸ ਸੈਟੇਲਾਈਟ ਦੀ ਵਰਤੋਂ ਭਾਰਤੀ ਫ਼ੌਜੀ ਸਮਰੱਥਾਵਾਂ ਦੀ ਨਿਗਰਾਨੀ ਲਈ ਵੀ ਕਰ ਸਕਦਾ ਹੈ | ਪਾਕਿ ਪੁਲਾੜ ਏਜੰਸੀ ਪਾਕਿਸਤਾਨ ਸਪੇਸ ਐਂਡ ਅਪਰ ਐਟਮੌਸਫੀਅਰ ਰਿਸਰਚ ਕਮਿਸ਼ਨ ਨੇ ਸਵਦੇਸ਼ੀ ਈ. ਓ. 3 ਸੈਟੇਲਾਈਟ ਦੇ ਲਾਂਚ ਨੂੰ ਤਕਨੀਕੀ ਸਵੈ-ਨਿਰਭਰਤਾ ਵੱਲ ਪਾਕਿ ਲਈ ਇਕ ਵੱਡੀ ਪ੍ਰਾਪਤੀ ਦੱਸਿਆ |
ਪਾਕਿ ਨੇ ਚੀਨ ਦੀ ਮਦਦ ਨਾਲ ਲਾਂਚ ਕੀਤਾ ਈ.ਓ. 3 ਉਪਗ੍ਰਹਿ
ਅਜੀਤ ਡੈਸਕ
27-04-2026