ਚੰਡੀਗੜ੍ਹ, 27 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਆਗੂ ਅਰਵਿੰਦ ਕੇਜਰੀਵਾਲ ਵਲੋਂ ਅਦਾਲਤ ਵਿਚ ਪੇਸ਼ ਨਾ ਹੋਣ ਦਾ ਐਲਾਨ ਕਾਨੂੰਨੀ ਪ੍ਰਕਿਰਿਆ ਤੋਂ ਭੱਜਣ ਦੇ ਬਰਾਬਰ ਹੈ | ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਆਪਣੇ ਸੁਨੇਹੇ 'ਚ ਜਾਖੜ ਨੇ ਲਿਖਿਆ ਕਿ ਕੇਜਰੀਵਾਲ ਵਲੋਂ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਅਪੀਲ ਸਬੰਧੀ ਹਾਈਕੋਰਟ ਵਿਚ ਪੇਸ਼ ਨਾ ਹੋਣ ਦਾ ਫ਼ੈਸਲਾ ਸਮਝ ਤੋਂ ਪਰੇ ਹੈ | ਉਨ੍ਹਾਂ ਸਵਾਲ ਕੀਤਾ ਕਿ ਇਹ ਡਰ ਹੈ ਜਾਂ ਘਮੰਡ ਤੇ ਕੀ ਹੁਣ ਉਹ ਆਪਣੇ ਆਪ ਨੂੰ ਅਦਾਲਤ ਤੇ ਕਾਨੂੰਨ ਤੋਂ ਵੀ ਉਪਰ ਸਮਝਣ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਤੇ ਕਾਨੂੰਨੀ ਪ੍ਰਕਿਰਿਆ ਹਰ ਨਾਗਰਿਕ 'ਤੇ ਇਕਸਾਰ ਲਾਗੂ ਹੁੰਦੀ ਹੈ |