ਚੰਡੀਗੜ੍ਹ, 27 ਅਪ੍ਰੈਲ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਸੂਬੇ ਭਰ ਵਿਚ 8 ਤੋਂ 10 ਘੰਟੇ ਦੇ ਬਿਜਲੀ ਕੱਟਾਂ ਲਈ ਸਿੱਧੇ ਤੌਰ 'ਤੇ ਜਿੰਮੇਵਾਰ ਹੈ ਕਿਉਂਕਿ ਇਹ ਲਘੂ ਕਾਲੀ ਬਿਜਲੀ ਖਰੀਦ ਸਮਝੌਤੇ ਨਹੀਂ ਕਰ ਸਕੀ ਤੇ ਨਾ ਹੀ ਇਸਨੇ ਪਹਾੜੀ ਰਾਜਾਂ ਤੋਂ ਬਿਜਲੀ ਖਰੀਦਣ ਲਈ ਸਮੇਂ ਸਿਰ ਬਿਜਲੀ ਐਕਸਚੇਂਜ 'ਤੇ ਸਮਝੌਤੇ ਨੇਪਰੇ ਚਾੜ੍ਹੇ ਤੇ ਪੈਸੇ ਦੀ ਘਾਟ ਕਾਰਨ ਇਹ ਬਿਜਲੀ ਦੀ ਖਰੀਦ ਵੀ ਨਹੀਂ ਕਰ ਪਾ ਰਹੀ | ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਵਿਚ ਉਦੋਂ ਬਿਜਲੀ ਕੱਟ ਲੱਗ ਰਹੇ ਹਨ ਜਦੋਂ ਖੇਤੀਬਾੜੀ ਸੈਕਟਰ ਵਾਸਤੇ ਬਿਜਲੀ ਦੀ ਕੋਈ ਮੰਗ ਨਹੀਂ ਹੈ | ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ 'ਤੇ ਇਹ ਕੁਪ੍ਰਬੰਧਨ ਦਾ ਮਾਮਲਾ ਹੈ | ਉਨ੍ਹਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਵਲੋਂ ਆਪਣੀਆਂ ਅਸਫਲਤਾਵਾਂ 'ਤੇ ਪਰਦੇ ਪਾਉਣ ਵਾਸਤੇ ਬਹਾਨੇਬਾਜ਼ੀ ਕਰਨ ਦੀ ਨਿਖੇਧੀ ਕੀਤੀ |