08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਦੇਸ਼ ਭਰ ਵਿਚ ਗੋਦਾਮਾਂ ਤੇ ਕੋਲਡ ਸਟੋਰਾਂ ਦੀ ਘਾਟ ਕਾਰਨ ਫ਼ਸਲਾਂ ਦੀ ਵੱਡੇ ਪੱਧਰ 'ਤੇ ਹੋ ਰਹੀ ਹੈ ਬਰਬਾਦੀ <br/>

Ad Position 21
No active advertisement
ਅਜੀਤ ਡੈਸਕ 29-04-2026

ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 28 ਅਪ੍ਰੈਲ-ਜਦੋਂ ਪੰਜਾਬ ਦਾ ਕਿਸਾਨ ਆਪਣੇ ਖੇਤਾਂ ਵਿਚ ਖੂਨ-ਪਸੀਨਾ ਵਹਾਉਂਦਾ ਹੈ, ਤਾਂ ਉਸਦੀ ਇੱਕੋ-ਇਕ ਆਸ ਆਪਣੀ ਫ਼ਸਲ ਨੂੰ ਸਹੀ ਸਲਾਮਤ ਮੰਡੀ ਤੇ ਫ਼ਿਰ ਖ਼ਪਤਕਾਰਾਂ ਤੱਕ ਪਹੁੰਚਾਉਣਾ ਹੁੰਦੀ ਹੈ | ਪਰ ਜਦੋਂ ਅਸੀਂ ਸਰਕਾਰੀ ਕਾਗਜ਼ਾਂ ਦੀ ਡੂੰਘਾਈ ਵਿਚ ਜਾਂਦੇ ਹਾਂ, ਤਾਂ ਭਾਰਤ ਸਰਕਾਰ ਦੇ ਖੁਰਾਕ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਇਕ ਬੇਹੱਦ ਚਿੰਤਾਜਨਕ ਤਸਵੀਰ ਪੇਸ਼ ਕਰਦੇ ਹਨ | 2 ਅਪ੍ਰੈਲ 2026 ਨੂੰ ਇਕ ਰਿਪੋਰਟ ਵਿਚ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਭਰ ਵਿਚ ਫ਼ਸਲਾਂ ਦੀ ਕਟਾਈ ਤੋਂ ਬਾਅਦ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਇਸਦਾ ਮੁੱਖ ਕਾਰਨ ਖੇਤਾਂ ਜਾਂ ਪ੍ਰੋਸੈਸਿੰਗ ਯੂਨਿਟਾਂ ਦੇ ਨੇੜੇ ਗੋਦਾਮਾਂ ਅਤੇ ਸਟੋਰੇਜ ਸਹੂਲਤਾਂ ਦੀ ਘਾਟ ਹੈ | ਇਸ ਬਰਬਾਦੀ ਦਾ ਅਸਲ ਪੱਧਰ ਜਾਣਨ ਲਈ ਸਰਕਾਰ ਵਲੋਂ ਸਮੇਂ-ਸਮੇਂ 'ਤੇ ਅਧਿਅਨ ਕਰਵਾਏ ਜਾਂਦੇ ਹਨ | ਪਹਿਲਾਂ ਆਈ.ਸੀ.ਏ.ਆਰ. ਵਲੋਂ 2015 ਵਿਚ ਅਤੇ ਹੁਣ ਨਾਬਾਰਡ ਕੰਸਲਟੈਂਸੀ ਸਰਵਿਸਿਜ਼ ਵਲੋਂ 2022 ਵਿਚ ਇਹ ਅਧਿਅਨ ਕਰਵਾਇਆ ਗਿਆ ਹੈ | ਤਾਜ਼ਾ ਰਿਪੋਰਟ ਵਿਚ ਪੂਰੇ ਦੇਸ਼ ਵਿਚੋਂ 54 ਫ਼ਸਲਾਂ ਦੀ ਚੋਣ ਕੀਤੀ ਗਈ ਹੈ | ਇਹ ਰਿਪੋਰਟ ਦੱਸਦੀ ਹੈ ਕਿ ਕਿਵੇਂ ਫ਼ਸਲਾਂ ਨੂੰ ਸੰਭਾਲਣ, ਸਟੋਰੇਜ, ਢੋਆ-ਢੁਆਈ ਅਤੇ ਪ੍ਰੋਸੈਸਿੰਗ ਦੇ ਵੱਖ-ਵੱਖ ਪੜਾਵਾਂ 'ਤੇ ਅੰਨ ਅਤੇ ਨਾਸ਼ਵਾਨ ਫ਼ਸਲਾਂ ਮਿੱਟੀ ਵਿਚ ਰੁਲ ਰਹੀਆਂ ਹਨ | ਪੰਜਾਬ, ਜਿਸਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ, ਦੇ ਅੰਕੜੇ ਹੋਰ ਵੀ ਦਿਲ ਵਲੂੰਧਰਣ ਵਾਲੇ ਹਨ | ਸਰਕਾਰੀ ਅੰਕੜਿਆਂ ਮੁਤਾਬਿਕ, ਪੰਜਾਬ ਵਿਚ ਮੱਕੀ ਦੀ ਫ਼ਸਲ ਦਾ 6.91 ਫ਼ੀਸਦੀ ਹਿੱਸਾ ਬਰਬਾਦ ਹੋ ਰਿਹਾ ਹੈ | ਹਾੜ੍ਹੀ ਤੇ ਸਾਉਣੀ ਦੀਆਂ ਮੁੱਖ ਫ਼ਸਲਾਂ ਦੀ ਗੱਲ ਕਰੀਏ ਤਾਂ ਸਹੀ ਸਟੋਰੇਜ ਨਾ ਹੋਣ ਕਾਰਨ ਕਣਕ ਦਾ 4.55 ਫ਼ੀਸਦੀ ਤੇ ਝੋਨੇ ਦਾ 3.15 ਫ਼ੀਸਦੀ ਨੁਕਸਾਨ ਹੋ ਰਿਹਾ ਹੈ | ਜੇਕਰ ਕਿਸਾਨ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਸਬਜ਼ੀਆਂ ਜਾਂ ਫ਼ਲਾਂ ਵੱਲ ਜਾਂਦਾ ਹੈ, ਤਾਂ ਉੱਥੇ ਹਾਲਤ ਹੋਰ ਵੀ ਮਾੜੀ ਹੈ | ਪੰਜਾਬ ਵਿਚ ਆਲੂਆਂ ਦਾ 5.57 ਫ਼ੀਸਦੀ ਮਟਰਾਂ ਦਾ 6.67 ਫੀਸਦੀ ਸ਼ਿਮਲਾ ਮਿਰਚ ਦਾ 4.31 ਫੀਸਦੀ ਅਤੇ ਖਰਬੂਜੇ ਦਾ 5.48 ਫੀਸਦੀ ਨੁਕਸਾਨ ਦਰਜ ਕੀਤਾ ਗਿਆ ਹੈ | ਖੁੰਬਾਂ (ਮਸ਼ਰੂਮ) ਦਾ 6.7 ਫ਼ੀਸਦੀ ਤੇ ਨਿੰਬੂ ਜਾਤੀ (ਸਿਟਰਸ) ਦੇ ਫ਼ਲਾਂ ਦਾ ਨੁਕਸਾਨ 5.4 ਫ਼ੀਸਦ ਹੋ ਰਿਹਾ ਹੈ | ਇਸ ਤੋਂ ਇਲਾਵਾ ਗੰਨੇ ਦਾ 4.38 ਫ਼ੀਸਦੀ ਅਤੇ ਦੁੱਧ ਦਾ 0.63 ਫ਼ੀਸਦੀ ਨੁਕਸਾਨ ਵੀ ਸਿਸਟਮ ਦੀ ਨਾਕਾਮੀ ਦਾ ਸਬੂਤ ਹੈ | ਇਹ ਸਿਰਫ਼ ਪ੍ਰਤੀਸ਼ਤਤਾ ਦੇ ਅੰਕੜੇ ਨਹੀਂ ਹਨ, ਇਹ ਉਨ੍ਹਾਂ ਕਿਸਾਨਾਂ ਦੀਆਂ ਟੁੱਟੀਆਂ ਉਮੀਦਾਂ ਹਨ ਜੋ ਆਪਣੀ ਫ਼ਸਲ ਨੂੰ ਮੰਡੀ ਤੱਕ ਲਿਆਉਣ ਲਈ ਕਰਜ਼ੇ ਚੁੱਕਦੇ ਹਨ | ਖੇਤਾਂ ਦੇ ਨੇੜੇ ਪ੍ਰੋਸੈਸਿੰਗ ਯੂਨਿਟਾਂ ਤੇ ਆਧੁਨਿਕ ਗੋਦਾਮਾਂ ਦੀ ਅਣਹੋਂਦ ਕਾਰਨ ਇਹ ਬਰਬਾਦੀ ਲਗਾਤਾਰ ਜਾਰੀ ਹੈ | ਇਕ ਪਾਸੇ ਦੇਸ਼ ਵਿਚ ਅੰਨ ਸੁਰੱਖਿਆ ਦੀਆਂ ਗੱਲਾਂ ਹੁੰਦੀਆਂ ਹਨ, ਤੇ ਦੂਜੇ ਪਾਸੇ ਕਿਸਾਨ ਦੀ ਮਿਹਨਤ ਸੜਕਾਂ ਅਤੇ ਖ਼ਸਤਾਹਾਲ ਗੋਦਾਮਾਂ ਵਿਚ ਗਲ ਰਹੀ ਹੈ | ਸਰਕਾਰਾਂ ਨੂੰ ਸਿਰਫ਼ ਰਿਪੋਰਟਾਂ ਬਣਾਉਣ ਤੋਂ ਅੱਗੇ ਵੱਧ ਕੇ ਜ਼ਮੀਨੀ ਪੱਧਰ 'ਤੇ ਕੋਲਡ ਸਟੋਰ ਅਤੇ ਭੰਡਾਰਨ ਦੇ ਢਾਂਚੇ ਵਿਚ ਜੰਗੀ ਪੱਧਰ 'ਤੇ ਨਿਵੇਸ਼ ਕਰਨਾ ਪਵੇਗਾ, ਨਹੀਂ ਤਾਂ ਅੰਨਦਾਤਾ ਇਸੇ ਤਰ੍ਹਾਂ ਸਿਸਟਮ ਦੀਆਂ ਖਾਮੀਆਂ ਦਾ ਮੁੱਲ ਤਾਰਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਬਸਪਾ ਨੂੰ ਇਕ ਮੌਕਾ ਦੇਣ-ਕਰੀਮਪੁਰੀ <br/> ਅਗਲੀ ਖ਼ਬਰ ਕੰਗਣਾ ਦੀ ਪੇਸ਼ੀ ਟਲੀ, ਅਗਲੀ ਸੁਣਵਾਈ 12 ਨੂੰ
Ad Position 24