ਚੰਡੀਗੜ੍ਹ, 28 ਅਪ੍ਰੈਲ (ਅਜੀਤ ਬਿਊਰੋ)-'ਆਪ' ਸਰਕਾਰ ਵਲੋਂ ਪੰਜਾਬੀਆਂ 'ਤੇ ਲਗਾਏ ਜਾ ਰਹੇ ਨਾਜਾਇਜ਼ ਬਿਜਲੀ ਕੱਟਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ 30 ਅਪ੍ਰੈਲ ਨੂੰ ਸੂਬੇ ਭਰ ਵਿਚ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿਚ ਰੋਸ ਮੁਜ਼ਾਹਰੇ ਕਰੇਗਾ | ਇਕ ਬਿਆਨ ਵਿਚ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਕਾਰਕੁੰਨ 30 ਅਪ੍ਰੈਲ ਨੂੰ ਸੂਬੇ ਭਰ ਵਿਚ ਦਿਨ ਭਰ ਚੱਲਣ ਵਾਲਾ ਧਰਨਾ ਲਗਾ ਕੇ 'ਆਪ' ਸਰਕਾਰ ਨੂੰ ਕਾਰਵਾਈ ਕਰਨ ਵਾਸਤੇ ਮਜਬੂਰ ਕਰਨਗੇ | ਉਨ੍ਹਾਂ ਕਿਹਾ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿਚ ਲਗਾਤਾਰ ਵਿਗੜ ਰਹੀ ਬਿਜਲੀ ਸਪਲਾਈ ਸਥਿਤੀ ਨੂੰ ਵੇਖਦਿਆਂ ਲਿਆ ਗਿਆ ਹੈ |