ਜਲੰਧਰ, 2 ਮਈ (ਸ਼ਿਵ)-ਆਬਕਾਰੀ ਵਿਭਾਗ ਨੇ ਸਾਲ 2026-27 ਦੀ ਸ਼ਰਾਬ ਪਾਲਿਸੀ ਤਹਿਤ ਇਸ ਬਾਰ 207 ਸ਼ਰਾਬ ਗਰੁੱਪਾਂ ਦਾ ਕਾਰੋਬਾਰ ਕਰੀਬ 12800 ਕਰੋੜ ਵਿਚ ਵੇਚਿਆ ਹੈ | ਇਨ੍ਹਾਂ ਵਿਚ ਠੇਕਿਆਂ ਤੋਂ ਸ਼ਰਾਬ ਲਾਇਸੈਂਸ ਤੌਰ 'ਤੇ ਮਿਲਣ ਵਾਲੀ ਫ਼ੀਸ 10 ਹਜ਼ਾਰ ਤੋਂ ਇਲਾਵਾ ਬਾਕੀ ਡਿਸਟਿਲਰੀਆਂ, ਹੋਟਲਾਂ ਤੇ ਹੋਰ ਅਦਾਰਿਆਂ ਤੋਂ ਬਣਦੀ ਫ਼ੀਸ ਵਸੂਲਣੀ ਹੁੰਦੀ ਹੈ ਜਿਹੜੀ ਕਿ ਆਬਕਾਰੀ ਵਿਭਾਗ ਨੂੰ 31 ਮਾਰਚ 2027 ਤੱਕ ਪ੍ਰਾਪਤ ਹੋ ਜਾਵੇਗੀ | ਆਬਕਾਰੀ ਵਿਭਾਗ ਨੇ ਇਸ ਵਾਰ ਵੀ ਵੇਚੇ ਗਏ ਸ਼ਰਾਬ ਕਾਰੋਬਾਰ ਦੀ ਬਣਦੀ 300 ਕਰੋੜ ਰੁਪਏ ਦੇ ਕਰੀਬ ਫ਼ੀਸ ਜਮਾਂ ਕਰਵਾ ਲਈ ਹੈ | ਇਸ ਵਿਚ ਜਦੋਂ ਸ਼ਰਾਬ ਦੇ ਗਰੁੱਪ ਅਲਾਟ ਹੁੰਦੇ ਹਨ ਤਾਂ ਉਸ ਵੇਲੇ 48 ਘੰਟੇ ਬਾਅਦ 6 ਫ਼ੀਸਦੀ ਤੇ ਫਿਰ ਇਕ ਹਫ਼ਤੇ ਬਾਅਦ ਕਾਰੋਬਾਰੀਆਂ ਨੂੰ ਲਏ ਕੰਮ ਦੀ 6 ਫ਼ੀਸਦੀ ਜ਼ਮਾਨਤੀ ਰਕਮ ਜਮਾਂ ਕਰਵਾਉਣੀ ਪੈਂਦੀ ਹੈ ਜਦਕਿ ਜ਼ਮਾਨਤੀ ਰਕਮ ਦੀ ਆਖ਼ਰੀ ਕਿਸ਼ਤ 30 ਅਪ੍ਰੈਲ ਨੂੰ ਕਰੀਬ 3 ਫ਼ੀਸਦੀ ਜਮਾਂ ਕਰਵਾਉਣੀ ਪੈਂਦੀ ਹੈ | ਹੁਣ ਹਰ ਮਹੀਨੇ ਕਾਰੋਬਾਰੀਆਂ ਵਲੋਂ ਆਬਕਾਰੀ ਵਿਭਾਗ ਨੂੰ ਬਣਦੀ ਲਾਇਸੈਂਸ ਫ਼ੀਸ ਦੀ ਕਿਸ਼ਤ ਜਮਾਂ ਕਰਵਾਉਣੀ ਪੈਂਦੀ ਹੈ | ਇਸ ਵਾਰ ਆਬਕਾਰੀ ਵਿਭਾਗ ਨੇ ਆਪਣੇ ਸ਼ਰਾਬ ਦੇ ਗਰੁੱਪ ਦੇਰ ਸਵੇਰ ਵੇਚਣ ਵਿਚ ਸਫਲਤਾ ਤਾਂ ਹਾਸਲ ਕਰ ਲਈ ਹੈ ਪਰ ਪਿਛਲੇ ਸਾਲ ਦੇ ਮੰਦੇ ਕਰਕੇ ਕਈ ਥਾਵਾਂ 'ਤੇ ਕਾਰੋਬਾਰੀਆਂ ਨੇ ਕੰਮ ਲੈਣ ਵਿਚ ਦਿਲਚਸਪੀ ਨਹੀਂ ਦਿਖਾਈ ਸੀ ਜਿਸ ਕਰਕੇ ਕਈ ਸ਼ਰਾਬ ਦੇ ਗਰੁੱਪ ਦੇਰੀ ਨਾਲ ਵਿਕੇ ਸਗੋਂ ਵਿਭਾਗ ਨੂੰ ਕਈ ਥਾਵਾਂ 'ਤੇ ਕਰੀਬ 350 ਕਰੋੜ ਦਾ ਮਾਲੀਆ ਘਟਾ ਕੇ ਸ਼ਰਾਬ ਗਰੁੱਪਾਂ ਦਾ ਕੰਮ ਵੇਚਿਆ ਹੈ | ਪਿਛਲੇ ਸਾਲ ਮੰਦੀ ਰਹਿਣ ਕਾਰਨ ਕਾਰੋਬਾਰੀਆਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਸੀ ਪਰ ਹੁਣ ਕਾਰੋਬਾਰੀਆਂ ਨੂੰ ਆਸ ਹੈ ਕਿ ਇਸ ਵਾਰ ਜ਼ਿਆਦਾ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਕਰਕੇ ਬੀਅਰ ਦੀ ਵਿੱਕਰੀ ਵਿਚ ਤੇਜ਼ੀ ਰਹਿਣ ਦੀ ਸੰਭਾਵਨਾ ਹੈ | ਆਬਕਾਰੀ ਵਿਭਾਗ ਨੇ ਚਾਹੇ ਕਾਰੋਬਾਰ ਵੇਚਣ ਵਿਚ ਸਫਲਤਾ ਹਾਸਲ ਕਰ ਲਈ ਸੀ ਪਰ ਉਸ ਨੇ ਸ਼ਰਾਬ ਕਾਰੋਬਾਰੀਆਂ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ 'ਤੇ ਇਸ ਵਾਰ ਵਿਸ਼ੇਸ਼ ਤੌਰ 'ਤੇ ਸਖ਼ਤੀ ਕਰਨ ਦੀ ਹਦਾਇਤ ਦਿੱਤੀ ਹੈ | ਕੁੱਝ ਦਿਨ ਪਹਿਲਾਂ ਮੋਹਾਲੀ ਵਿਚ ਹੋਈ ਆਬਕਾਰੀ ਵਿਭਾਗ ਦੀ ਇਕ ਅਹਿਮ ਮੀਟਿੰਗ ਵਿਚ ਇਸ ਤਰ੍ਹਾਂ ਦੇ ਮਾਮਲੇ ਰੋਕਣ ਲਈ ਨਿਗਰਾਨੀ ਤੇਜ਼ ਕਰਨ ਲਈ ਕਿਹਾ ਗਿਆ ਹੈ, ਜਿਸ ਕਾਰਨ ਕੁੱਝ ਮਹੀਨੇ ਪਹਿਲਾਂ ਨਵੀਆਂ ਗੱਡੀਆਂ ਦੀ ਵੀ ਖ਼ਰੀਦ ਕੀਤੀ ਸੀ | ਵਿਭਾਗ ਨੇ ਉਂਜ ਕਈ ਸਾਲਾਂ ਦੀ ਉਨ੍ਹਾਂ ਪੁਰਾਣੇ ਕਾਰੋਬਾਰੀਆਂ ਤੋਂ ਕਰੋੜਾਂ ਦੀ ਵਸੂਲੀ ਕੀਤੀ ਹੈ ਜਿਨ੍ਹਾਂ ਵਲੋਂ ਬਕਾਇਆ ਕਰੋੜਾਂ ਰੁਪਏ ਫ਼ੀਸਾਂ ਜਮਾਂ ਨਹੀਂ ਕੀਤੀਆਂ ਸਨ | ਵਿਭਾਗ ਨੇ ਇਸ ਵਸੂਲੀ ਲਈ ਕਈ ਜਾਇਦਾਦਾਂ ਵੀ ਵੇਚੀਆਂ ਸੀ | ਆਬਕਾਰੀ ਵਿਭਾਗ ਨੇ ਪੁਰਾਣੀ ਵਸੂਲੀ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ ਤੇ ਸਟਾਫ਼ ਵੀ ਨਵੀਂ ਫ਼ੀਸ ਦੇ ਨਾਲ-ਨਾਲ ਪੁਰਾਣੀ ਵਸੂਲੀ ਲਈ ਕੰਮ ਤੇਜ਼ ਰੱਖਣ ਲਈ ਕਿਹਾ ਹੈ |