ਚੰਡੀਗੜ੍ਹ, 2 ਮਈ 2026 (ਅਜੀਤ ਬਿਊਰੋ)-ਪੰਜਾਬ ਵਿਚ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮਨਸੂਬਿਆਂ 'ਤੇ ਕਰਾਰਾ ਵਾਰ ਕਰਦਿਆਂ, ਪੰਜਾਬ ਪੁਲਿਸ ਹੁਣ ਪੰਜਾਬ ਆਰਟੀਫ਼ੀਸ਼ਲ ਇੰਟੈਲੀਜੈਂਸ ਸਿਸਟਮ (ਪੀ.ਏ.ਆਈ.ਐਸ.) ਅਧੀਨ ਇਕ ਆਧੁਨਿਕ ਵੌਇਸ ਰਿਕਗਨਿਸ਼ਨ ਸਿਸਟਮ ਨਾਲ ਲੈਸ ਹੋ ਗਈ ਹੈ | ਇਹ ਪ੍ਰਣਾਲੀ ਵਿਦੇਸ਼ਾਂ ਤੋਂ ਚੱਲ ਰਹੇ ਗੈਂਗ ਨੈੱਟਵਰਕਾਂ ਵਿਚ ਘੁਸਪੈਠ ਕਰਨ ਤੇ ਪੰਜਾਬ ਦੇ ਨੌਜਵਾਨਾਂ ਨੂੰ ਗੈਰਕਾਨੂੰਨੀ ਗਤੀਵਿਧੀਆਂ ਵੱਲ ਭਟਕਾਉਣ ਵਾਲੇ ਤੱਤਾਂ ਤੱਕ ਪਹੁੰਚ ਬਣਾਉਣ ਵਿਚ ਮਦਦਗਾਰ ਸਾਬਤ ਹੋ ਰਹੀ ਹੈ | ਏ.ਆਈ. ਸਿਸਟਮ ਹੇਠ ਏ.ਆਈ. ਅਧਾਰਿਤ ਵੌਇਸ ਰਿਕਗਨਿਸ਼ਨ ਸਿਸਟਮ ਵਿਚ 84,000 ਤੋਂ ਵੱਧ ਅਪਰਾਧੀਆਂ ਅਤੇ ਸ਼ੱਕੀਆਂ ਦੇ ਵੌਇਸ ਸੈਂਪਲਾਂ ਦਾ 'ਵੌਇਸ ਬੈਂਕ' ਮੌਜੂਦ ਹੈ | ਵੌਇਸ ਪਛਾਣ ਤੋਂ ਅੱਗੇ ਵਧਦਿਆਂ, ਇਸ ਏ.ਆਈ. ਸਿਸਟਮ ਵਿਚ 3,90,000 ਤੋਂ ਵੱਧ ਅਪਰਾਧੀਆਂ ਦਾ ਮਜ਼ਬੂਤ ਡਾਟਾਬੇਸ ਏਕੀਕਿ੍ਤ ਹੈ, ਜਿਸ 'ਚ ਉਨ੍ਹਾਂ ਦੀਆਂ ਗੈਂਗ ਸਬੰਧੀ ਜਾਣਕਾਰੀਆਂ ਅਤੇ ਫੋਨੇਟਿਕ ਸਰਚ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹਨ | ਇਸਦਾ ਉੱਨਤ 'ਗੈਂਗ ਟਰੀ ਸਰਚ' ਟੂਲ ਸੰਗਠਿਤ ਅਪਰਾਧੀ ਨੈੱਟਵਰਕ ਦੀ ਪੂਰੀ ਬਣਤਰ ਨੂੰ ਵਿਜ਼ੂਅਲ ਰੂਪ ਵਿਚ ਦਰਸਾਉਂਦਾ ਹੈ, ਜਿਸ ਨਾਲ ਸਥਾਨਕ ਅਪਰਾਧਾਂ ਤੋਂ ਉਨ੍ਹਾਂ ਦੇ ਅੰਤਰਰਾਸ਼ਟਰੀ ਮਾਸਟਰਮਾਈਾਡ ਦਾ ਪਤਾ ਲਗਾਇਆ ਜਾ ਸਕਦਾ ਹੈ | ਪੰਜਾਬ ਨਾਲ ਸਬੰਧਿਤ ਲਗਭਗ 60 ਖ਼ਤਰਨਾਕ ਗੈਂਗਸਟਰ ਕੈਨੇਡਾ, ਅਮਰੀਕਾ, ਇਟਲੀ ਸਮੇਤ ਹੋਰ ਦੇਸ਼ਾਂ ਤੋਂ ਸਰਗਰਮ ਹਨ | ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਰਿਮੋਟ ਕੰਟਰੋਲ' ਫਿਰੌਤੀ ਦੇ ਨਵੇਂ ਰੁਝਾਨ ਨਾਲ ਜੂਝ ਰਹੀਆਂ ਹਨ, ਜਿੱਥੇ ਧਮਕੀਆਂ, ਇਨਕਿ੍ਪਟਡ ਐਪਾਂ ਤੇ ਅੰਤਰਰਾਸ਼ਟਰੀ ਵਰਚੁਅਲ ਨੰਬਰਾਂ ਰਾਹੀਂ ਦਿੱਤੀਆਂ ਜਾਂਦੀਆਂ ਹਨ | ਇਸ ਪ੍ਰਣਾਲੀ ਨਾਲ ਪੰਜਾਬ ਪੁਲਿਸ ਨੂੰ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਤਕਨੀਕੀ ਤੌਰ 'ਤੇ ਉੱਨਤ ਸਹਾਇਤਾ ਮਿਲੀ ਹੈ, ਜਿਸ ਨਾਲ ਸਮਾਰਟ ਅਤੇ ਡਾਟਾ-ਅਧਾਰਿਤ ਪੁਲਿਸਿੰਗ ਸੰਭਵ ਹੋ ਰਹੀ ਹੈ | ਇਹ ਮੁਹਿੰਮ, ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਨੂੰ ਸੁਰੱਖਿਅਤ ਬਣਾਉਣ ਦੇ ਆਪਣੇ ਸ਼ੁਰੂਆਤੀ ਉਦੇਸ਼ ਵਿਚ ਕਾਮਯਾਬ ਰਹੀ ਹੈ, ਹੁਣ ਸੰਗਠਿਤ ਅਪਰਾਧ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਨੂੰ ਹੋਰ ਮਜ਼ਬੂਤ ਕਰੇਗੀ | ਏ.ਡੀ.ਜੀ.ਪੀ., ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.), ਪ੍ਰਮੋਦ ਬਾਨ ਨੇ ਕਿਹਾ ਕਿ ਕਈ ਸਾਲਾਂ ਤੋਂ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਤਕਨਾਲੋਜੀ ਦਾ ਗਲਤ ਇਸਤੇਮਾਲ ਕਰਦੇ ਹੋਏ ਸੁਰੱਖਿਅਤ ਠਿਕਾਣਿਆਂ ਤੋਂ ਫਿਰੌਤੀ ਰੈਕਟ ਚਲਾ ਰਹੇ ਹਨ | 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਹੇਠ ਪੀ.ਏ.ਆਈ.ਐਸ. ਸਾਡੇ ਲਈ ਫੋਰਸ ਦੀ ਨਵੀਂ ਤਾਕਤ ਸਾਬਤ ਹੋਇਆ ਹੈ, ਜਿਸ ਸਦਕਾ ਅਪਰਾਧ ਨਾਲ ਨਜਿੱਠਣ ਦੀ ਸਾਡੀ ਸਮਰੱਥਾ ਕਾਫੀ ਵਧ ਗਈ ਹੈ | ਏ.ਆਈ. ਅਧਾਰਿਤ ਵੌਇਸ ਮੈਚਿੰਗ ਸਾਨੂੰ ਕੁੱਝ ਮਿੰਟਾਂ ਵਿਚ ਕਾਲਰ ਦੀ ਪਛਾਣ ਕਰਨ ਦੇ ਯੋਗ ਬਣਾਉਂਦੀ ਹੈ, ਜਿਸ ਨਾਲ ਅਸੀਂ ਤੇਜ਼ ਅਤੇ ਸਟੀਕ ਕਾਰਵਾਈ ਕਰ ਸਕਦੇ ਹਾਂ |