ਅੰਮਿ੍ਤਸਰ, 5 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਨਜ਼ਰੀਆਤੀ ਪਾਰਟੀ ਦੇ ਚੇਅਰਮੈਨ ਸ਼ਹੀਰ ਹੈਦਰ ਸਿਆਲਵੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੰਨਿਆ ਕਿ ਪਾਕਿਸਤਾਨੀ ਫ਼ੌਜ ਨੇ ਭਾਰਤੀ ਫ਼ੌਜ ਦੇ ਆਪ੍ਰੇਸ਼ਨ ਸੰਧੂਰ 'ਚ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਮੌਲਾਨਾ ਹਾਫ਼ਿਜ਼ ਸਈਦ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਲਈ ਲੜਾਈ ਲੜੀ | ਪਾਕਿ ਦੇ ਮੁਰੀਦਕੇ ਅਤੇ ਬਹਾਵਲਪੁਰ ਸ਼ਹਿਰਾਂ 'ਚ ਭਾਰਤੀ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਫ਼ੌਜੀ ਸਨਮਾਨ ਦਿੱਤੇ | ਸਿਆਲਵੀ ਦਾ ਇਹ ਬਿਆਨ ਸਾਬਤ ਕਰਦਾ ਹੈ ਕਿ ਪਾਕਿਸਤਾਨ ਹਾਫ਼ਿਜ਼ ਸਈਦ ਅਤੇ ਮਸੂਦ ਅਜ਼ਹਰ ਵਰਗੇ ਅੱਤਵਾਦੀਆਂ ਨੂੰ ਆਪਣੀ ਸੁਰੱਖਿਆ ਮੰਨਦਾ ਹੈ | ਆਪ੍ਰੇਸ਼ਨ ਸੰਧੂਰ ਤੋਂ ਇਕ ਸਾਲ ਬਾਅਦ ਸਿਆਲਵੀ ਨੇ ਉਕਤ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕਰਦਿਆਂ ਖੁੱਲ੍ਹ ਕੇ ਮੰਨਿਆ ਹੈ ਕਿ ਪਾਕਿਸਤਾਨੀ ਫ਼ੌਜ ਨੇ ਪਹਿਲੀ ਵਾਰ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਹਾਫ਼ਿਜ਼ ਸਈਦ ਅਤੇ ਮਸੂਦ ਅਜ਼ਹਰ ਲਈ ਲੜਾਈ ਲੜੀ | ਲਸ਼ਕਰ-ਏ-ਤੋਇਬਾ ਵਲੋਂ ਬੁਲਾਈ ਗਈ ਉਕਤ ਪ੍ਰੈੱਸ ਕਾਨਫ਼ਰੰਸ 'ਚ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੀ ਸਿਆਸੀ ਜਮਾਤ ਪੀ. ਐੱਮ. ਐੱਲ. ਐੱਲ. (ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ) ਦਾ ਸੂਚਨਾ ਸਕੱਤਰ ਅਤੇ ਅਮਰੀਕਾ ਦੁਆਰਾ ਨਾਮਜ਼ਦ ਅੱਤਵਾਦੀ ਡਾ: ਮੁਜ਼ਮਿਲ ਇਕਬਾਲ ਹਾਸ਼ਮੀ ਵੀ ਮੌਜੂਦ ਸੀ |
ਪਾਕਿਸਤਾਨੀ ਨੇਤਾ ਸਿਆਲਵੀ ਦਾ ਵੱਡਾ ਖ਼ੁਲਾਸਾ: ਆਪ੍ਰੇਸ਼ਨ ਸੰਧੂਰ 'ਚ ਪਾਕਿ ਫ਼ੌਜ ਨੇ ਹਾਫ਼ਿਜ਼ ਸਈਦ ਅਤੇ ਮਸੂਦ ਅਜ਼ਹਰ ਲਈ ਲੜੀ ਲੜਾਈ
ਅਜੀਤ ਡੈਸਕ
06-05-2026