17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹੁਣ ਮਿਊਜ਼ਿਕ ਇੰਡਸਟਰੀ ਈ.ਡੀ. ਦੇ ਰਾਡਾਰ 'ਤੇ?

Ad Position 21
No active advertisement
ਅਜੀਤ ਡੈਸਕ 11-05-2026

• ਸੱਤਾ ਧਿਰ ਨਾਲ ਜੁੜੇ ਕਲਾਕਾਰ ਹੋ ਸਕਦੇ ਹਨ ਨਿਸ਼ਾਨਾ • ਕਈਆਂ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ
ਚੰਡੀਗੜ੍ਹ, 10 ਮਈ (ਸੰਦੀਪ ਕੁਮਾਰ ਮਾਹਨਾ) - ਪੰਜਾਬ ਦੀ ਸਿਆਸਤ ਵਿਚ ਲਗਾਤਾਰ ਹੋ ਰਹੀਆਂ ਈ.ਡੀ. ਦੀਆਂ ਕਾਰਵਾਈਆਂ ਤੋਂ ਬਾਅਦ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ ਵੀ ਸਿਆਸੀ ਤੇ ਕਲਾਕਾਰ ਵਰਗ ਵਿਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ | ਸੂਤਰਾਂ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕੁਝ ਵੱਡੇ ਗਾਇਕਾਂ, ਪ੍ਰੋਡਕਸ਼ਨ ਹਾਊਸਾਂ, ਇਵੈਂਟ ਮੈਨੇਜਰਾਂ ਤੇ ਵਿਦੇਸ਼ੀ ਫੰਡਿੰਗ ਨਾਲ ਜੁੜੇ ਕਾਰੋਬਾਰਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ | ਚਰਚਾ ਇਹ ਵੀ ਹੈ ਕਿ ਸੱਤਾ ਧਿਰ ਨਾਲ ਨੇੜਤਾ ਰੱਖਣ ਵਾਲੇ ਕੁਝ ਕਲਾਕਾਰ ਜਾਂਚ ਏਜੰਸੀਆਂ ਦੇ ਰਡਾਰ 'ਤੇ ਹੋ ਸਕਦੇ ਹਨ | ਪਿਛਲੇ ਕੁਝ ਦਿਨਾਂ ਤੋਂ ਕਈ ਮਸ਼ਹੂਰ ਕਲਾਕਾਰਾਂ ਵਲੋਂ ਸੋਸ਼ਲ ਮੀਡੀਆ 'ਤੇ ਆਪਣੀ ਸਰਗਰਮੀ ਘਟਾਉਣ, ਜਨਤਕ ਪ੍ਰੋਗਰਾਮਾਂ ਤੋਂ ਦੂਰੀ ਬਣਾਉਣ ਅਤੇ ਮੀਡੀਆ ਸਾਹਮਣੇ ਆਉਣ ਤੋਂ ਪਰਹੇਜ਼ ਕਰਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ | ਕੁਝ ਕਲਾਕਾਰਾਂ ਦੇ ਕਥਿਤ ਤੌਰ 'ਤੇ ਰੂਪੋਸ਼ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ, ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ | ਸੂਤਰਾਂ ਦੀ ਮੰਨੀਏ ਤਾਂ ਜਾਂਚ ਏਜੰਸੀਆਂ ਦਾ ਧਿਆਨ ਖ਼ਾਸ ਕਰਕੇ ਵਿਦੇਸ਼ਾਂ ਵਿਚ ਹੋਣ ਵਾਲੇ ਲਾਈਵ ਸ਼ੋਅਜ਼, ਕੈਸ਼ ਪੇਮੈਂਟ, ਹਵਾਲਾ ਰਾਹੀਂ ਲੈਣ-ਦੇਣ, ਗੀਤਾਂ ਦੀ ਫੰਡਿੰਗ ਅਤੇ ਮਿਊਜ਼ਿਕ ਪ੍ਰਾਜੈਕਟਾਂ ਵਿਚ ਹੋਣ ਵਾਲੇ ਨਿਵੇਸ਼ 'ਤੇ ਕੇਂਦਰਿਤ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਕਲਾਕਾਰਾਂ ਤੇ ਪ੍ਰੋਡਕਸ਼ਨ ਕੰਪਨੀਆਂ ਦੇ ਵਿਦੇਸ਼ੀ ਸੰਪਰਕਾਂ ਤੇ ਆਮਦਨ ਦੇ ਸਰੋਤਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ | ਪੰਜਾਬੀ ਮਿਊਜ਼ਿਕ ਇੰਡਸਟਰੀ ਪਿਛਲੇ ਕੁਝ ਸਾਲਾਂ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਤੇਜ਼ੀ ਨਾਲ ਉੱਭਰੀ ਹੈ | ਕੈਨੇਡਾ, ਬਰਤਾਨੀਆ, ਅਮਰੀਕਾ ਅਤੇ ਆਸਟ੍ਰੇਲੀਆ ਵਿਚ ਪੰਜਾਬੀ ਗਾਇਕਾਂ ਦੇ ਵੱਡੇ ਸ਼ੋਅ ਅਤੇ ਕਰੋੜਾਂ ਰੁਪਏ ਦੇ ਕਾਰੋਬਾਰ ਨੇ ਇਸ ਉਦਯੋਗ ਨੂੰ ਵੱਡਾ ਆਰਥਿਕ ਖੇਤਰ ਬਣਾ ਦਿੱਤਾ ਹੈ | ਇਸ ਕਾਰਨ ਹੁਣ ਕੇਂਦਰੀ ਏਜੰਸੀਆਂ ਵਲੋਂ ਇਸ ਖੇਤਰ ਵਿਚ ਹੋ ਰਹੀਆਂ ਵਿੱਤੀ ਗਤੀਵਿਧੀਆਂ 'ਤੇ ਵੀ ਨਿਗਰਾਨੀ ਵਧਾਉਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ | ਕੁਝ ਰਾਜਨੀਤਿਕ ਹਲਕਿਆਂ ਵਿਚ ਇਹ ਚਰਚਾ ਵੀ ਹੈ ਕਿ ਆਉਣ ਵਾਲੇ ਸਮੇਂ ਵਿਚ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕੁਝ ਵੱਡੇ ਨਾਮਾਂ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਜਾ ਸਕਦੇ ਹਨ | ਉੱਧਰ, ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਦੀ ਕਾਰਵਾਈ ਕਾਰਨ ਪੂਰੇ ਉਦਯੋਗ ਦੀ ਛਵੀ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ | ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਸੰਗੀਤ ਨੇ ਦੁਨੀਆ ਭਰ ਵਿਚ ਪੰਜਾਬ ਤੇ ਪੰਜਾਬੀਅਤ ਦੀ ਪਹਿਚਾਣ ਮਜ਼ਬੂਤ ਕੀਤੀ ਹੈ ਅਤੇ ਜੇ ਕੋਈ ਜਾਂਚ ਹੁੰਦੀ ਹੈ ਤਾਂ ਉਹ ਪੂਰੀ ਤਰ੍ਹਾਂ ਤੱਥਾਂ ਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਹਵਾਲਾਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ, ਪਰਿਵਾਰ ਨੇ ਲਾਏ ਪੁਲਿਸ 'ਤੇ ਅਣਗਹਿਲੀ ਦੇ ਦੋਸ਼ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਤਿੰਨ ਮੌਤਾਂ <br/>
Ad Position 24