ਅੰਮਿ੍ਤਸਰ, 12 ਮਈ (ਜਸਵੰਤ ਸਿੰਘ ਜੱਸ)-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦੇ ਅੱਜ ਸ਼ਾਮ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਆਪਣੀ ਅੰਮਿ੍ਤਸਰ ਫੇਰੀ ਦੌਰਾਨ ਸ੍ਰੀ ਸਿਸੋਦੀਆ ਸ਼ਾਮ ਸਮੇਂ ਗਿਆਨੀ ਰਘਬੀਰ ਸਿੰਘ ਦੀ ਪ੍ਰਤਾਪ ਨਗਰ ਇਲਾਕੇ ਵਿਚ ਸਥਿਤ ਨਿੱਜੀ ਘਰ ਜੋ ਉਨ੍ਹਾਂ ਸੇਵਾ ਮੁਕਤੀ ਉਪਰੰਤ ਹਾਲ ਹੀ ਵਿਚ ਖਰੀਦਿਆ ਹੈ, ਵਿਖੇ ਪੁੱਜੇ ਤੇ ਉਨ੍ਹਾਂ ਨਾਲ ਕਰੀਬ ਇੱਕ ਘੰੰਟਾ ਬੰਦ ਕਮਰਾ ਮੁਲਾਕਾਤ ਕੀਤੀ | ਭਾਵੇਂ ਇਸ ਮੁਲਾਕਾਤ ਦੇ ਵਿਸਥਾਰਤ ਵੇਰਵੇ ਨਹੀਂ ਮਿਲ ਸਕੇ, ਪਰ ਵੱਖ ਵੱਖ ਸੂਤਰਾਂ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ | ਵੇਰਵਿਆਂ ਅਨੁਸਾਰ ਇਸ ਦੌਰਾਨ ਸ੍ਰੀ ਸਿਸੋਦੀਆ ਵਲੋਂ ਗਿਆਨੀ ਰਘਬੀਰ ਸਿੰਘ ਨਾਲ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਸਮੇਤ ਪੰਜਾਬ ਦੇ ਹੋਰ ਅਹਿਮ ਮਸਲਿਆਂ ਬਾਰੇ ਗੱਲਬਾਤ ਕੀਤੀ | ਇਹ ਵੀ ਕਿਹਾ ਜਾ ਰਿਹਾ ਹੈ ਕਿ 'ਆਪ' ਆਗੂ ਗਿਆਨੀ ਰਘਬੀਰ ਸਿੰਘ ਦੀ ਨਵੀਂ ਰਿਹਾਇਸ਼ ਵਿਖੇ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਆਏ ਸਨ ਤੇ ਇਹ ਸ਼ਿਸ਼ਟਾਚਾਰਕ ਮੁਲਾਕਾਤ ਸੀ | ਫ਼ਿਲਹਾਲ ਨਾਮਵਰ 'ਆਪ' ਆਗੂ ਤੇ ਧਾਰਮਿਕ ਸਿੱਖ ਸ਼ਖ਼ਸੀਅਤ ਦਰਮਿਆਨ ਹੋਈ ਮੁਲਾਕਾਤ ਦੇ ਧਾਰਮਿਕ ਤੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਨ ਦੀ ਸੰਭਾਵਨਾ ਹੈ |
ਮਨੀਸ਼ ਸਿਸੋਦੀਆ ਨੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਕੀਤੀ 'ਮੁਲਾਕਾਤ' <br/>
ਅਜੀਤ ਡੈਸਕ
13-05-2026