ਬੰਗਾ, 13 ਮਈ (ਧਰਮਵੀਰ ਪਾਲ)-ਬੰਗਾ ਦੇ ਮਸੰਦਾਂ ਪੱਟੀ ਇਲਾਕੇ ਵਿਚ ਸ਼ੀਤਲਾ ਮਾਤਾ ਮੰਦਰ ਦੇ ਪਿਛੇ ਪੈਂਦੇ ਪਸ਼ੂਆਂ ਦੇ ਬਾੜੇ 'ਚ ਕੰਮ ਕਰਨ ਵਾਲੇ ਇੱਕ ਵਿਅਕਤੀ ਦਾ ਅਣਪਛਾਤਿਆਂ ਵਲੋਂ ਮਾਰੂ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਬਾੜੇ ਦੇ ਮਾਲਕ ਸਤਿੰਦਰਜੀਤ ਸਿੰਘ ਮਾਨ ਨਿਵਾਸੀ ਬੰਗਾ ਨੇ ਦੱਸਿਆ ਕਿ ਉਹ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਆਪਣੇ ਬਾੜੇ 'ਚ ਆਇਆ ਤਾਂ ਉਸਨੇ ਜਿਵੇਂ ਹੀ ਗੇਟ ਖੋਲਿਆ ਤਾਂ ਬਾੜੇ ਦੇ ਗੇਟ ਦੇ ਅੱਗੇ ਉਸਦੇ ਬਾੜੇ 'ਚ ਕੰਮ ਕਰਨ ਵਾਲੇ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਰੀਲਾ ਸੈਲਾ ਦੀ ਲਾਸ਼ ਪਈ ਸੀ | ਥਾਣਾ ਸਿਟੀ ਦੇ ਐਸ.ਐਚ.ਓ. ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਕਤਲ ਦੀ ਸੂਚਨਾ ਮਿਲਦੇ ਹੀ ਮਿ੍ਤਕ ਜਗਤਾਰ ਸਿੰਘ ਦਾ ਭਰਾ ਕੁਲਵੀਰ ਸਿੰਘ ਅਤੇ ਸਾਲਾ ਜਸਵੰਤ ਸਿੰਘ, ਭੈਣ ਤੇ ਪਤਨੀ ਮਨਦੀਪ ਕੌਰ ਵੀ ਮੌਕੇ 'ਤੇ ਪੁੱਜੇ, ਜਿਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਜਗਤਾਰ ਦੇ ਕਾਤਲਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣ |