ਓ.ਪੀ. ਰਾਣਾ ਦੀਆਂ ਵਧੀਆਂ ਮੁਸ਼ਕਿਲਾਂ, ਗੈਰ-ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ, 13 ਮਈ (ਕਪਿਲ ਵਧਵਾ)-ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੂੰ ਸ਼ਿਕਾਇਤਕਰਤਾ ਖ਼ਿਲਾਫ਼ ਪੰਜਾਬ ਵਿਜੀਲੈਂਸ ਵਿਖੇ ਦਰਜ ਕੀਤੀ ਗਈ ਸ਼ਿਕਾਇਤ ਦੀ ਅਸਲ ਕਾਪੀ ਅਜੇ ਤੱਕ ਹਾਸਲ ਨਹੀਂ ਹੋ ਸਕੀ | ਇਹ ਦਾਅਵਾ ਸੂਤਰਾਂ ਵਲੋਂ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਪੰਜਾਬ ਰਾਜ ਕਰ ਅਧਿਕਾਰੀ ਦੀ ਸ਼ਿਕਾਇਤ 'ਤੇ ਕਥਿਤ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਵਿਕਾਸ ਉਰਫ਼ ਵਿੱਕੀ ਗੋਇਲ, ਰਾਘਵ ਗੋਇਲ ਤੇ ਡਰਾਈਵਰ ਅੰਕਿਤ ਵਧਵਾ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਇਸ ਵੇਲੇ ਪਿਓ-ਪੁੱਤ ਵਿਕਾਸ ਗੋਇਲ ਤੇ ਰਾਘਵ ਗੋਇਲ ਸੀ. ਬੀ. ਆਈ. ਕੋਲ ਰਿਮਾਂਡ 'ਤੇ ਹਨ ਤੇ ਏਜੰਸੀ ਵਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ | ਦੂਜੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਦੇ ਡੀ. ਜੀ. ਪੀ. ਸ਼ਰਦ ਸਤਿਆ ਚੌਹਾਨ ਦੇ ਰੀਡਰ ਇੰਸਪੈਕਟਰ ਓ.ਪੀ. ਰਾਣਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਉਸ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ | ਸੂਤਰਾਂ ਅਨੁਸਾਰ ਸੀ. ਬੀ. ਆਈ. ਵਲੋਂ ਉਸ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ | ਇਸੇ ਦੌਰਾਨ ਪੰਜਾਬ ਵਿਜੀਲੈਂਸ ਦੇ ਇਕ ਕਰਮਚਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜਦੋਂ ਸੀ. ਬੀ. ਆਈ. ਵਲੋਂ ਓ. ਪੀ. ਰਾਣਾ ਦੇ ਦਫ਼ਤਰ ਦੀ ਤਲਾਸ਼ੀ ਲਈ ਗਈ | ਉਸ ਮੁਤਾਬਕ ਤਲਾਸ਼ੀ ਦੌਰਾਨ ਉਹ ਦਸਤਾਵੇਜ਼, ਜਿਸਨੂੰ ਕਥਿਤ ਤੌਰ 'ਤੇ ਵਟਸਐਪ ਰਾਹੀਂ ਸ਼ਿਕਾਇਤਕਰਤਾ ਨੂੰ ਡਰਾਉਣ-ਧਮਕਾਉਣ ਲਈ ਵਰਤਿਆ ਗਿਆ ਸੀ, ਉਸ ਦੀ ਅਸਲ ਕਾਪੀ ਸੀ. ਬੀ. ਆਈ. ਨੂੰ ਨਹੀਂ ਮਿਲ ਸਕੀ | ਸੂਤਰਾਂ ਮੁਤਾਬਕ ਓ. ਪੀ. ਰਾਣਾ ਦੀ ਤਾਇਨਾਤੀ ਡੀ. ਜੀ. ਪੀ. ਦੇ ਨਾਲ ਹੀ ਵਿਜੀਲੈਂਸ ਵਿਖੇ ਕੀਤੀ ਗਈ ਸੀ ਤੇ ਇਸ ਤੋਂ ਪਹਿਲਾਂ ਉਹ ਵਿਜੀਲੈਂਸ ਬਿਊਰੋ ਵਿਚ ਨਹੀਂ ਸਗੋਂ ਕਿਸੇ ਹੋਰ ਵਿਭਾਗ ਵਿਚ ਸੇਵਾ ਨਿਭਾ ਰਿਹਾ ਸੀ | ਇਸ ਗੱਲ ਨੂੰ ਲੈ ਕੇ ਵੀ ਜਾਂਚ ਏਜੰਸੀਆਂ ਵਲੋਂ ਕਈ ਪੱਖਾਂ 'ਤੇ ਪੜਤਾਲ ਕੀਤੀ ਜਾ ਰਹੀ ਹੈ | ਉੱਧਰ, ਇਸ ਮਾਮਲੇ ਵਿਚ ਦਰਜ ਐਫ. ਆਈ. ਆਰ. ਨੂੰ ਜਨਤਕ ਨਾ ਕਰਨ ਲਈ ਸੀ. ਬੀ. ਆਈ. ਵਲੋਂ ਸਥਾਨਕ ਅਦਾਲਤ ਤੋਂ ਇਜਾਜ਼ਤ ਵੀ ਮੰਗੀ ਗਈ ਹੈ, ਜੋਂ ਕਿ ਮਨਜ਼ੂਰ ਹੋ ਚੁੱਕੀ ਹੈ |
20 ਲੱਖ ਰੁਪਏ ਰਿਸ਼ਵਤਖੋਰੀ ਮਾਮਲੇ 'ਚ ਸੀ. ਬੀ. ਆਈ. ਨੂੰ ਅਜੇ ਤੱਕ ਨਹੀਂ ਮਿਲੀ ਅਸਲ ਸ਼ਿਕਾਇਤ ਕਾਪੀ!
ਅਜੀਤ ਡੈਸਕ
14-05-2026