ਚੰਡੀਗੜ੍ਹ, 15 ਮਈ (ਕਪਿਲ ਵਧਵਾ)- 20 ਲੱਖ ਰੁਪਏ ਦੀ ਕਥਿਤ ਰਿਸ਼ਵਤਖ਼ੋਰੀ ਮਾਮਲੇ ਵਿਚ ਹੁਣ ਸੀ. ਬੀ. ਆਈ. ਦੇ ਪੱਖ ਵਿਚ ਹੀ ਵਿਰੋਧਾਭਾਸ ਸਾਹਮਣੇ ਆਇਆ ਹੈ | ਜਿਸ ਸਬੰਧੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੀ. ਬੀ. ਆਈ. ਦੇ ਸਰਕਾਰੀ ਵਕੀਲ ਵਲੋਂ ਦਲੀਲ ਦਿੱਤੀ ਗਈ ਕਿ 12 ਮਈ ਨੂੰ ਪੁਲਿਸ ਰਿਮਾਂਡ ਸਬੰਧੀ ਜਾਰੀ ਹੋਏ ਹੁਕਮ ਵਿਚ ਤੱਥਾਤਮਕ ਗ਼ਲਤੀ ਰਹਿ ਗਈ ਸੀ | ਅਦਾਲਤ ਨੂੰ ਦੱਸਿਆ ਗਿਆ ਕਿ 20 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਮੁਲਜ਼ਮ ਰਾਘਵ ਗੋਇਲ ਅਤੇ ਉਸਦੇ ਪਿਤਾ ਵਿਕਾਸ ਗੋਇਲ ਉਰਫ਼ ਵਿੱਕੀ ਗੋਇਲ ਵਲੋਂ ਸੀ.ਐਸ.ਆਈ.ਆਰ.-ਸੀ.ਐਸ.ਆਈ.ਓ. ਗੈੱਸਟ ਹਾਊਸ, ਚੰਡੀਗੜ੍ਹ ਵਿਖੇ ਕੀਤੀ ਗਈ ਸੀ, ਜਦਕਿ ਪਹਿਲਾਂ ਦੇ ਹੁਕਮ ਵਿਚ ਇਹ ਦਰਸਾਇਆ ਗਿਆ ਸੀ ਕਿ ਇਹ ਮੰਗ ਪੰਜਾਬ ਡੀ.ਜੀ.ਪੀ. (ਵਿਜੀਲੈਂਸ) ਦੇ ਦਫ਼ਤਰ ਵਿਚ ਓ.ਪੀ. ਰਾਣਾ ਵਲੋਂ ਕੀਤੀ ਗਈ ਸੀ | ਅਜਿਹੇ ਵਿਚ ਹੁਣ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਿਖ਼ਰ ਸੀ. ਬੀ. ਆਈ. ਦੀ ਜਾਂਚ ਵਿਚ ਦਰਜ ਤੱਥਾਂ ਵਿਚ ਇਹ ਵੱਡਾ ਵਿਰੋਧਾਭਾਸ ਕਿਵੇਂ ਸਾਹਮਣੇ ਆਇਆ | ਇਸ ਤੋਂ ਇਲਾਵਾ ਸੀ. ਬੀ. ਆਈ. ਵਲੋਂ ਗਿ੍ਫ਼ਤਾਰ ਕੀਤੇ ਗਏ ਪਿਉ-ਪੁੱਤ ਦੀ ਜੋੜੀ ਵਿਕਾਸ ਗੋਇਲ ਉਰਫ਼ ਵਿੱਕੀ ਗੋਇਲ ਅਤੇ ਰਾਘਵ ਗੋਇਲ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ | ਸੁਣਵਾਈ ਉਪਰੰਤ ਅਦਾਲਤ ਵਲੋਂ ਦੋਵਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਤੇ 26 ਮਈ ਨੂੰ ਵੀਡੀਓ ਕਾਨਫਰੰਾਸਿੰਗ ਰਾਹੀਂ ਮੁੜ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ |