ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ, ਹਰ ਪਾਸੇ ਪੱਸਰੀ ਤਪਸ਼ ਕਾਰਨ ਮਨੁੱਖਾਂ ਦੇ ਨਾਲ ਜੀਵ ਜੰਤੂ ਵੀ ਹਾਲੋ ਬੇਹਾਲ ਹੋਏ ਹਨ | ਆਵਾਜਾਈ ਦਾ ਇਸ 'ਤੇ ਬਹੁਤ ਅਸਰ ਦੇਖਣ ਨੂੰ ਮਿਲ ਰਿਹਾ ਹੈ, ਦੁਪਹਿਰ ਦੇ ਸਮੇਂ ਸੜਕਾਂ 'ਤੇ ਵਿਰਾਨੀ ਛਾ ਜਾਂਦੀ ਹੈ | ਪਿਛਲੇ 24 ਘੰਟਿਆਂ ਵਿਚ ਪੰਜਾਬ ਦਾ ਬਠਿੰਡਾ ਇਲਾਕਾ ਸਭ ਤੋਂ ਗਰਮ ਰਿਹਾ | ਜਿਥੇ ਦਿਨ ਦੇ ਸਮੇਂ ਤਾਪਮਾਨ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸੂਬੇ ਦਾ ਸਭ ਤੋਂ ਜਿਆਦਾ ਤਾਪਮਾਨ ਸੀ | ਇਸ ਤਰ੍ਹਾਂ ਸੂਬੇ 'ਚ ਆਮ ਨਾਲੋਂ 4.5 ਡਿਗਰੀ ਸੈਲਸੀਅਸ ਤੋਂ ਲੈ ਕੇ 6.4 ਡਿਗਰੀ ਸੈਲਸੀਅਸ ਤੱਕ ਤਾਪਮਾਨ ਵੱਧ ਚਲ ਰਿਹਾ ਹੈ | ਅਗਲੇ ਦਿਨਾਂ ਵਿਚ ਵੀ ਮੌਸਮ ਖੁਸ਼ਕ ਰਹਿਣ ਕਰਕੇ ਗਰਮੀ ਹੋਰ ਵੱਧਣ ਦੀ ਸੰਭਾਵਨਾ ਹੈ | ਇਸ ਸੰਬੰਧੀ ਮੌਸਮ ਵਿਭਾਗ ਵਲੋਂ ਪਹਿਲਾਂ ਹੀ 26 ਮਈ ਤੱਕ ਔਰਜ਼ ਅਲਰਟ ਜਾਰੀ ਕੀਤਾ ਜਾ ਚੁਕਾ ਹੈ | ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਬਠਿੰਡਾ ਤੋਂ ਬਾਅਦ ਪਟਿਆਲਾ ਸਭ ਤੋਂ ਗਰਮ ਇਲਾਕਾ ਚਲ ਰਿਹਾ ਹੈ ਜਿਥੇ ਦੁਪਹਿਰ ਦੇ ਤਾਪਮਾਨ 45.0 ਡਿਗਰੀ ਤੱਕ ਪਹੁੰਚ ਗਿਆ | ਇਸੇ ਦੌਰਾਨ ਰੂਪ ਨਗਰ 'ਚ 44.6 ਡਿਗਰੀ, ਫਰੀਦਕੋਟ 'ਚ 44.5 ਡਿਗਰੀ , ਲੁਧਿਆਣਾ 'ਚ 44.1 ਡਿਗਰੀ, ਅੰਮਿ੍ਤਸਰ ਤੇ ਪਠਾਨਕੋਟ 'ਚ 43.6 ਡਿਗਰੀ , ਨਵਾਂ ਸ਼ਹਿਰ 'ਚ 43.5 ਡਿਗਰੀ , ਮੋਹਾਲੀ 'ਚ 42.9 ਡਿਗਰੀ, ਫਿਰੋਜ਼ਪੁਰ 'ਚ 42.6 ਡਿਗਰੀ , ਹੁਸ਼ਿਆਰਪੁਰ 'ਚ 42.3 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ | ਇਸੇ ਦੌਰਾਨ ਹਰਿਆਣਾ ਦਾ ਰੋਹਤਕ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |