ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮਾਣਹਾਨੀ ਮਾਮਲੇ 'ਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤੀ | ਸਥਾਨਕ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਿਲਪਾ ਦੀ ਅਦਾਲਤ ਨੇ ਅਗਲੀ ਸੁਣਵਾਈ 20 ਜੁਲਾਈ 'ਤੇ ਪਾ ਦਿੱਤੀ ਹੈ | ਕਾਬਲੇ-ਗ਼ੌਰ ਰਹੇ ਇਹ ਮੁਕੱਦਮਾ ਨਾਜਰ ਸਿੰਘ ਮਾਨਸ਼ਾਹੀਆ ਨੇ ਵਿਧਾਇਕ ਹੁੰਦਿਆਂ ਉਦੋਂ ਦਰਜ ਕਰਵਾਇਆ ਸੀ ਜਦੋਂ ਉਹ ਜੁਲਾਈ 2019 'ਚ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ 'ਚ ਸ਼ਾਮਿਲ ਹੋਏ ਸਨ | ਉਸ ਵਕਤ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਸੀ ਕਿ ਸ: ਮਾਨਸ਼ਾਹੀਆ ਨੇ 10 ਕਰੋੜ ਰੁਪਏ ਲਏ ਹਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੀ ਚੇਅਰਮੈਨੀ ਵੀ ਪੱਕੀ ਕੀਤੀ ਹੈ | ਵਿਧਾਇਕ ਵਲੋਂ ਪਾਏ ਅਪਰਾਧਿਕ ਇਸਤਗਾਸੇ ਦੀ ਸੁਣਵਾਈ ਕਰਦਿਆਂ ਮਾਨ ਸਮੇਤ ਕਈ ਪੱਤਰਕਾਰਾਂ ਨੂੰ ਵੀ ਤਲਬ ਕੀਤਾ ਸੀ | ਅੱਜ ਮੁੱਖ ਮੰਤਰੀ ਤਰਫ਼ੋਂ ਹਾਈ ਕੋਰਟ ਦੇ ਸੀਨੀਅਰ ਵਕੀਲ ਚੰਚਲ ਕੁਮਾਰ ਸਿੰਗਲਾ ਤੇ ਐਡਵੋਕੇਟ ਹਰਪ੍ਰੀਤ ਸਿੰਘ ਹੈਪੀ ਨੇ ਆਪਣਾ ਪੱਖ ਰੱਖਿਆ | ਮਾਨਸ਼ਾਹੀਆ ਦੇ ਵਕੀਲ ਰਜਿੰਦਰ ਪ੍ਰਸ਼ਾਦ ਸ਼ਰਮਾ ਨੇ ਦੱਸਿਆ ਕਿ ਉਹ ਅਗਲੀ ਪੇਸ਼ੀ 'ਤੇ ਬਹਿਸ ਕਰਨਗੇ | ਇਹ ਜ਼ਿਕਰ ਕਰਨਾ ਬਣਦਾ ਹੈ ਕਿ ਮਾਨਸਾ ਅਦਾਲਤ 'ਚ ਨਿੱਜੀ ਪੇਸ਼ੀ ਤੋਂ ਛੋਟ ਦੇਣ ਲਈ ਮੁੱਖ ਮੰਤਰੀ ਵਲੋਂ ਹਾਈ ਕੋਰਟ 'ਚ ਦਰਖਾਸਤ ਦਿੱਤੀ ਗਈ ਸੀ, ਦੀਆਂ ਹਦਾਇਤਾਂ 'ਤੇ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ | ਦਰਖਾਸਤ 'ਤੇ ਹਾਈ ਕੋਰਟ 'ਚ ਸੁਣਵਾਈ ਹੁਣ 25 ਮਈ ਨੂੰ ਹੋਣੀ ਹੈ |