ਪੱਟੀ, 20 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਅੰਮਿ੍ਤਸਰ-ਬਠਿੰਡਾ ਨੈਸ਼ਨਲ ਹਾਈਵੇ ਦੇ ਨਿਰਮਾਣ ਦੌਰਾਨ ਹੋਏ ਜ਼ਮੀਨ ਐਕਵਾਇਰ ਮਾਮਲੇ ਵਿਚ 1.63 ਕਰੋੜ ਰੁਪਏ ਦੇ ਗਬਨ ਸੰਬੰਧੀ 17 ਮਈ ਨੂੰ ਗੁਰਦਾਸਪੁਰ ਤੋਂ ਗਿ੍ਫ਼ਤਾਰ ਕੀਤੀ ਗਈ ਐਸ.ਡੀ.ਐਮ. ਡਾ. ਅਨੁਪ੍ਰੀਤ ਕੌਰ ਨੂੰ ਰਿਮਾਂਡ ਖਤਮ ਹੋਣ ਉਪਰੰਤ ਪੱਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ | ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿਚ ਤਾਇਨਾਤ ਐਸ.ਡੀ.ਐਮ. ਡਾ. ਅਨੁਪ੍ਰੀਤ ਕੌਰ ਖ਼ਿਲਾਫ਼ ਸੱਤ ਸਾਲ ਪਹਿਲਾਂ ਪੁਲਿਸ ਥਾਣਾ ਸਿਟੀ ਪੱਟੀ ਵਿਚ 1.63 ਕਰੋੜ ਰੁਪਏ ਦੇ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਸੀ | ਸੱਤ ਸਾਲ ਪੁਰਾਣੀ ਐਫਆਈਆਰ ਦੇ ਆਧਾਰ 'ਤੇ 17 ਮਈ ਨੂੰ ਪੱਟੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ | ਡੀ.ਐਸ.ਪੀ. ਰਵੀਸ਼ੇਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਐਸ.ਡੀ.ਐਮ. ਤੋਂ ਇਸ ਮਾਮਲੇ ਸੰਬੰਧੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ |