ਐੱਸ. ਏ. ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-67 ਸਥਿਤ ਸੀ. ਪੀ. ਮਾਲ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ, ਅਦਾਕਾਰਾ ਰੂਪੀ ਗਿੱਲ, ਪੰਜਾਬੀ ਗਾਇਕ ਤੇ ਅਦਾਕਾਰ ਹਿੰਮਤ ਸੰਧੂ, ਅਦਾਕਾਰ ਜਰਨੈਲ ਸਿੰਘ ਅਤੇ ਨਿਰਮਾਤਾ ਗੁਰਕਰਨ ਸਿੰਘ ਧਾਲੀਵਾਲ ਵਲੋਂ 29 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਨਵੀਂ ਪੰਜਾਬੀ ਫ਼ਿਲਮ 'ਚੜ੍ਹਦੀ ਕਲਾ' ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਐਮੀ ਵਿਰਕ ਤੇ ਅਦਾਕਾਰਾ ਰੂਪੀ ਗਿੱਲ ਨੇ ਦਰਸ਼ਕਾਂ ਨੂੰ ਇਹ ਫ਼ਿਲਮ ਸਿਨੇਮਾਘਰਾਂ ਵਿਚ ਜਾ ਕੇ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਫ਼ਿਲਮ ਇਕ ਬਾਇਓਗ੍ਰਾਫ਼ਿਕ ਫ਼ਿਲਮ ਹੈ, ਜੋਕਿ ਪੰਜਾਬ ਦੇ ਇਤਿਹਾਸ, ਪੰਜਾਬੀ ਸੱਭਿਆਚਾਰ, ਜਜ਼ਬੇ ਤੇ ਪਰਿਵਾਰਕ ਮੁੱਲਾਂ ਨੂੰ ਦਰਸਾਉਂਦੀ ਹੈ | ਐਮੀ ਵਿਰਕ ਨੇ ਕਿਹਾ ਕਿ ਬਾਇਓਗ੍ਰਾਫ਼ਿਕ ਫ਼ਿਲਮ ਹੋਣ ਕਾਰਨ ਫ਼ਿਲਮ ਨੂੰ ਬਣਾਉਣ ਸਮੇਂ ਸਾਰੀ ਟੀਮ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ ਅਤੇ ਫ਼ਿਲਮ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਨਾਲ ਇਹ ਪ੍ਰਾਜੈਕਟ ਤਿਆਰ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਫ਼ਿਲਮ 'ਚ ਕੰਮ ਕਰਕੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਮੀਲ ਪੱਥਰ ਸਾਬਤ ਹੋਵੇਗੀ | ਇਸ ਮੌਕੇ ਅਦਾਕਾਰਾ ਰੂਪੀ ਗਿੱਲ ਨੇ ਕਿਹਾ ਕਿ ਉਹ ਪਿੰਡਾਂ ਵਿਚ ਫ਼ਿਲਮ ਦੀ ਪ੍ਰਮੋਸ਼ਨ ਲਈ ਗਏ ਸਨ ਤਾਂ ਉਥੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਮਿਲਿਆ, ਜਦਕਿ ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ | ਜ਼ਿਕਰਯੋਗ ਹੈ ਕਿ ਫ਼ਿਲਮ ਵਿਚ ਸ਼ਹੀਦ ਭਾਈ ਬੇਅੰਤ ਸਿੰਘ ਦੀ ਪਤਨੀ ਬਿਮਲਾ ਦੇਵੀ ਵਲੋਂ ਬੀਬੀ ਬਿਮਲ ਕੌਰ ਖ਼ਾਲਸਾ ਬਣ ਕੇ ਲੋਕ ਸਭਾ ਵਿਚ ਪਹੁੰਚਣ ਅਤੇ ਪਰਿਵਾਰ ਦੇ ਪਾਲਣ-ਪੋਸ਼ਣ ਦੇ ਨਾਲ-ਨਾਲ ਪੰਜਾਬ ਦੀ ਆਵਾਜ਼ ਬਣਨ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ |
ਮੁਹਾਲੀ ਵਿਖੇ ਪੰਜਾਬੀ ਫ਼ਿਲਮ 'ਚੜ੍ਹਦੀ ਕਲਾ' ਦਾ ਟ੍ਰੇਲਰ ਰਿਲੀਜ਼
ਅਜੀਤ ਡੈਸਕ
21-05-2026