ਮੋਗਾ-ਸ਼੍ਰੋਮਣੀ ਅਕਾਲੀ ਦਲ ਦੇ ਰੌਸ਼ਨ ਦਿਮਾਗ਼ ਵਜੋਂ ਜਾਣੇ ਜਾਂਦੇ ਵਿਕਾਸ ਦੇ ਮਸੀਹਾ, ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜੋ ਕਿ 21 ਮਈ 2022 ਨੂੰ 81 ਵਰ੍ਹਿਆਂ ਦੀ ਉਮਰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਜਨਮ 2 ਮਾਰਚ 1941 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਦੀਦਾਰ ਸਿੰਘ ਵਾਲਾ ਵਿਖੇ ਪਿਤਾ ਬਾਬੂ ਸਿੰਘ ਦੇ ਗ੍ਰਹਿ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਤੋਂ ਲੈਣ ਉਪਰੰਤ ਉਚੇਰੀ ਸਿੱਖਿਆ ਐਫ.ਏ. ਦੀ ਡੀ.ਐਮ. ਕਾਲਜ ਮੋਗਾ ਤੋਂ ਕੀਤੀ। ਸਾਲ 1961 ਵਿਚ ਆਪ ਪਿੰਡ ਦੀਦਾਰ ਸਿੰਘ ਵਾਲਾ ਦੇ ਪਹਿਲੀ ਵਾਰ ਸਰਪੰਚ ਬਣੇ। ਆਪ ਦਾ ਵਿਆਹ ਬੀਬੀ ਮੁਖਤਿਆਰ ਕੌਰ ਨਾਲ ਹੋਇਆ ਤੇ ਆਪ ਦੇ ਗ੍ਰਹਿ ਤਿੰਨ ਸਪੁੱਤਰਾਂ ਤੇ ਇਕ ਸਪੁੱਤਰੀ ਨੇ ਜਨਮ ਲਿਆ। ਜਥੇਦਾਰ ਤੋਤਾ ਸਿੰਘ ਦੇ ਸਿਆਸੀ ਜੀਵਨ 'ਚ 1969 ਵਿਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਬਣੇ। 1985 ਵਿਚ ਆਪ ਮੰਡੀ ਬੋਰਡ ਦੇ ਚੇਅਰਮੈਨ ਬਣੇ। 1997 ਵਿਚ ਜਥੇਦਾਰ ਤੋਤਾ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਬਣੇ ਤੇ 2002 ਵਿਚ ਉਹ ਮੋਗਾ ਤੋਂ ਬਤੌਰ ਵਿਧਾਇਕ ਚੁਣੇ ਗਏ। 2012 ਵਿਚ ਹਲਕਾ ਧਰਮਕੋਟ ਤੋਂ ਵਿਧਾਇਕ ਚੁਣੇ ਗਏ ਤੇ ਖੇਤੀਬਾੜੀ ਮੰਤਰੀ ਬਣੇ। ਉਨ੍ਹਾਂ ਦਾ 61 ਸਾਲਾਂ ਦਾ ਸਿਆਸੀ ਸਫ਼ਰ ਸ਼ਾਨਾਮੱਤੀ ਰਿਹਾ। ਟਕਸਾਲੀ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਮਾਲਵਾ ਖੇਤਰ ਦੀ ਸਿਆਸਤ ਦੇ ਬਾਬਾ ਬੋਹੜ ਸਨ। ਅੱਜ 21 ਮਈ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਮਰਹੂਮ ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ ਚੌਥੀ ਬਰਸੀ 'ਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਢੋਲੇਵਾਲਾ ਰੋਡ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ 10 ਤੋਂ 12 ਤੱਕ ਪਾਏ ਜਾ ਰਹੇ ਹਨ। ਸੁਰਿੰਦਰਪਾਲ ਸਿੰਘ