ਨਵੀਂ ਦਿੱਲੀ, 20 ਮਈ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਅਪਮਾਨਜਨਕ ਭਾਸ਼ਾ ਵਰਤਣ ਦਾ ਦੋਸ਼ ਲਾਉਂਦੇ ਹੋਏ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਬੋਲਿਆ | ਇਕ ਵੀਡੀਓ ਰਾਹੀਂ ਮਨਜਿੰਦਰ ਸਿੰਘ ਸਿਰਸਾ ਨੇ ਬਹੁਤ ਹੀ ਹਮਲਾਵਰ ਰੁਖ਼ ਅਪਣਾਉਂਦੇ ਹੋਏ ਰਾਹੁਲ ਗਾਂਧੀ ਨੂੰ ਇਕ ਨਾਕਾਬਲ ਅਤੇ ਨਾਲਾਇਕ ਸਿਆਸਤਦਾਨ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਜ਼ਬਰਦਸਤੀ ਇਕ ਅਜਿਹੇ ਲੀਡਰਸ਼ਿਪ ਅਹੁਦੇ 'ਤੇ ਬਿਠਾਇਆ ਗਿਆ ਹੈ, ਜਿਸ ਦੇ ਉਹ ਹੱਕਦਾਰ ਨਹੀਂ ਹਨ | ਸਿਰਸਾ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਗਾਂਧੀ ਉਪਨਾਮ ਵੀ ਚੋਰੀ ਕੀਤਾ ਹੋਇਆ ਹੈ, ਜਿਸ ਦੀ ਵਰਤੋਂ ਕਰਕੇ ਉਹ ਅਜੇ ਵੀ ਦੇਸ਼ 'ਤੇ ਰਾਜ ਕਰਨਾ ਚਾਹੁੰਦੇ ਹਨ ਤੇ ਜ਼ਬਰਦਸਤੀ ਸੱਤਾ 'ਤੇ ਕਬਜ਼ਾ ਕਰਨ ਦੇ ਸੁਪਨੇ ਦੇਖ ਰਹੇ ਹਨ | ਸਿਰਸਾ ਨੇ ਕਿਹਾ ਕਿ ਮੌਜੂਦਾ ਸਮੇਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੁਨੀਆ ਭਰ 'ਚ ਸਰਬਉਚ ਸਨਮਾਨ ਮਿਲ ਰਿਹਾ ਤਾਂ ਉਹ ਸਨਮਾਨ ਇਕੱਲੇ ਨਰਿੰਦਰ ਮੋਦੀ ਦਾ ਨਹੀਂ, ਸਗੋਂ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਹੈ | ਅਜਿਹੇ ਸਨਮਾਨਿਤ ਅਤੇ ਵਿਸ਼ਵ-ਪ੍ਰਸਿੱਧ ਨੇਤਾ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਦੇਸ਼ ਦੇ ਲੋਕਾਂ ਦਾ ਸਿੱਧਾ ਅਪਮਾਨ ਹੈ |