ਸ਼ੇਰਪੁਰ, 21 ਮਈ (ਮੇਘ ਰਾਜ ਜੋਸ਼ੀ) - ਭਾਵੇਂ ਸਰਕਾਰ ਵੱਲੋਂ ਹਰ ਵਾਰ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਗੈਰ-ਵਿਦਿਅਕ ਕੰਮ ਨਹੀਂ ਲਿਆ ਜਾਵੇਗਾ, ਪਰ ਹਕੀਕਤ ਵਿੱਚ ਚੋਣਾਂ, ਬੀਮਾ ਕਾਰਡਾਂ ਅਤੇ ਹੁਣ ਜਨਗਣਨਾ ਵਰਗੀਆਂ ਡਿਊਟੀਆਂ ਲਈ ਸਭ ਤੋਂ ਪਹਿਲਾਂ ਅਧਿਆਪਕਾਂ ਨੂੰ ਹੀ ਤਾਇਨਾਤ ਕੀਤਾ ਜਾਂਦਾ ਹੈ | ਇਨ੍ਹਾਂ ਜਨਗਣਨਾ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕਈ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦਰਾਜ਼ ਇਲਾਕਿਆਂ ਵਿੱਚ ਲਗਾਈਆਂ ਗਈਆਂ ਹਨ | ਸਭ ਤੋਂ ਵੱਡੀ ਸਮੱਸਿਆ ਇਹ ਬਣੀ ਹੋਈ ਹੈ ਕਿ ਜਿਨ੍ਹਾਂ ਅਧਿਆਪਕਾਂ ਦੀ ਜਨਗਣਨਾ ਡਿਊਟੀ ਲੱਗੀ ਹੋਈ ਹੈ, ਉਨ੍ਹਾਂ ਨੂੰ ਸਕੂਲ ਡਿਊਟੀ ਤੋਂ ਫ਼ਾਰਗ ਨਹੀਂ ਕੀਤਾ ਗਿਆ | ਇਸ ਕਰ ਕੇ ਅਧਿਆਪਕ ਸਵੇਰੇ ਸੱਤ ਵਜੇ ਘਰੋਂ ਨਿਕਲ ਕੇ ਪਹਿਲਾਂ ਸਕੂਲ ਪਹੁੰਚਦੇ ਹਨ ਅਤੇ ਸਕੂਲ ਸਮਾਂ ਮੁੱਕਣ ਤੋਂ ਬਾਅਦ ਸ਼ਾਮ ਦੇਰ ਤੱਕ ਜਨਗਣਨਾ ਦਾ ਕੰਮ ਕਰਦੇ ਰਹਿੰਦੇ ਹਨ | ਕਈ ਅਧਿਆਪਕਾਂ ਨੂੰ ਕੜਾਕੇ ਦੀ ਗਰਮੀ ਵਿੱਚ ਖੇਤਾਂ ਵਾਲੇ ਮੋਟਰਾਂ ਦੇ ਕੋਠਿਆਂ ਤੱਕ ਜਾ ਕੇ ਨੰਬਰ ਲਗਾਉਣੇ ਪੈ ਰਹੇ ਹਨ | ਅਧਿਆਪਕਾਂ ਦਾ ਕਹਿਣਾ ਹੈ ਕਿ ਭੁੱਖੇ-ਤਿਹਾਏ ਅਤੇ ਤਪਦੀ ਧੁੱਪ ਵਿੱਚ ਲਗਾਤਾਰ 13-14 ਘੰਟੇ ਕੰਮ ਕਰਨਾ ਬਹੁਤ ਅÏਖਾ ਹੋ ਗਿਆ ਹੈ | ਜਾਣਕਾਰੀ ਅਨੁਸਾਰ ਬਹੁਤੇ ਸਕੂਲ ਮੁਖੀ ਅਧਿਆਪਕਾਂ ਨੂੰ ਸਕੂਲ ਸਮੇਂ ਦੌਰਾਨ ਜਨਗਣਨਾ ਡਿਊਟੀ ਲਈ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ, ਜਦਕਿ ਕੁੱਝ ਲੋਕਾਂ ਵੱਲੋਂ ਆਪਣੇ ਰਸੂਖ਼ ਵਰਤ ਕੇ ਡਿਊਟੀਆਂ ਕਟਵਾਉਣ ਦੇ ਵੀ ਦੋਸ਼ ਲੱਗ ਰਹੇ ਹਨ | ਆਗੂਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਦੀਆਂ ਹਰ ਵਾਰ ਡਿਊਟੀਆਂ ਨਹੀਂ ਲੱਗਦੀਆਂ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ | ਇਸ ਮਾਮਲੇ ਬਾਰੇ ਅਧਿਆਪਕ ਆਗੂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਦਾ ਮੁੱਖ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਉਨ੍ਹਾਂ ਤੋਂ ਗੈਰ-ਵਿਦਿਅਕ ਕੰਮ ਨਹੀਂ ਲਿਆ ਜਾਣਾ ਚਾਹੀਦਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਡਿਊਟੀ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ | ਅਧਿਆਪਕ ਵੀ ਇਨਸਾਨ ਹਨ ਅਤੇ ਇਸ ਭਿਆਨਕ ਗਰਮੀ ਵਿੱਚ ਲਗਾਤਾਰ ਕੰਮ ਕਰਨਾ ਬਹੁਤ ਮੁਸ਼ਕਲ ਹੈ | ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਅਧਿਆਪਕਾਂ ਦੀ ਸਰਵੇ ਜਾਂ ਜਨਗਣਨਾ ਡਿਊਟੀ ਲੱਗੀ ਹੋਈ ਹੈ, ਉਨ੍ਹਾਂ ਨੂੰ ਤੁਰੰਤ ਸਕੂਲ ਡਿਊਟੀ ਤੋਂ ਫ਼ਾਰਗ ਕੀਤਾ ਜਾਵੇ |