09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਝੋਨੇ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਨੇ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਕੀਤਾ ਹੋਰ 'ਡੂੰਘਾ'

Ad Position 21
No active advertisement
ਅਜੀਤ ਡੈਸਕ 29-05-2026

ਜਲੰਧਰ, 28 ਮਈ (ਜਸਪਾਲ ਸਿੰਘ)-ਸੂਬੇ ਅੰਦਰ ਧਰਤੀ ਹੇਠਲੇ ਪਾਣੀ ਦੇ ਸੰਕਟ ਲਈ ਇਕੱਲੀ ਝੋਨੇ ਦੀ ਫ਼ਸਲ ਹੀ ਜ਼ਿੰਮੇਵਾਰ ਨਹੀਂ, ਬਲਕਿ ਹੁਣ ਬਹਾਰ ਰੁੱਤ ਦੀ ਮੱਕੀ ਨੇ ਵੀ ਝੋਨੇ ਤੋਂ ਬਾਅਦ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ | ਬਹਾਰ ਰੁੱਤ ਦੀ ਇਹ ਮੱਕੀ ਝੋਨੇ ਤੋਂ ਵੀ ਜ਼ਿਆਦਾ ਪਾਣੀ ਖਿੱਚਦੀ ਹੈ ਤੇ ਆਮ ਤੌਰ 'ਤੇ ਇਕ ਕਿੱਲੋ ਝੋਨੇ ਦੀ ਪੈਦਾਵਾਰ ਲਈ ਜਿੱਥੇ 3800 ਲੀਟਰ ਪਾਣੀ ਦੀ ਲੋੜ ਪੈਂਦੀ ਹੈ, ਉੱਥੇ ਮੱਕੀ ਦੀ ਫਸਲ ਲਈ ਇਸ ਤੋਂ ਵੀ ਕਿਤੇ ਜ਼ਿਆਦਾ ਪਾਣੀ ਲੱਗਦਾ ਹੈ | ਅਪ੍ਰੈਲ ਤੇ ਮਈ ਮਹੀਨਿਆਂ 'ਚ ਪੈਂਦੀ ਤਪਦੀ ਗਰਮੀ ਦੇ ਮੌਸਮ 'ਚ ਮੱਕੀ ਨੂੰ ਤਾਅ ਲੱਗਣ ਤੋਂ ਬਚਾਉਣ ਲਈ ਹਰ ਦੂਸਰੇ ਜਾਂ ਤੀਸਰੇ ਦਿਨ ਪਾਣੀ ਲਾਉਣਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਹਰ ਸਾਲ ਬਹਾਰ ਰੁੱਤ ਦੀ ਮੱਕੀ ਹੇਠ ਰਕਬਾ ਵਧਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਅਸਲ 'ਚ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਦਾ ਰੁਝਾਣ ਪਿਛਲੇ ਕੁੱਝ ਸਾਲਾਂ ਤੋਂ ਤੇਜ਼ੀ ਨਾਲ ਵਧਿਆ ਹੈ ਤੇ ਇਸ ਵਾਰ ਤਾਂ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਹੇਠ ਰਕਬਾ ਪਿਛਲੇ ਸਾਲ ਨਾਲੋਂ ਵੱਧ ਕੇ ਦੁੱਗਣਾ ਇਕ ਲੱਖ ਹੈਕਟੇਅਰ ਦੇ ਕਰੀਬ ਹੋ ਗਿਆ ਹੈ | ਇਸ ਸੰਬੰਧੀ ਗੱਲ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਕਿਸਾਨਾਂ ਦੀ ਮਜ਼ਬੂਰੀ ਬਣ ਗਈ ਹੈ, ਕਿਉਂਕਿ ਕੋਈ ਵੀ ਹੋਰ ਫਸਲ ਕਿਸਾਨਾਂ ਨੂੰ ਮੱਕੀ ਜਿੰਨਾ ਮੁਨਾਫਾ ਨਹੀਂ ਦਿੰਦੀ | ਜਦਕਿ ਕਿਸਾਨ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਸੂਰਜਮੁਖੀ, ਦਾਲਾਂ ਤੇ ਮੈਂਥੇ ਦੀ ਫਸਲ ਨੂੰ ਮੱਕੀ ਦੀ ਫਸਲ ਦੇ ਮੁਕਾਬਲਤਨ ਘੱਟ ਪਾਣੀ ਲੱਗਦਾ ਹੈ ਪਰ ਸਰਕਾਰਾਂ ਦੇ ਉਦਾਸੀਨ ਵਤੀਰੇ ਕਾਰਨ ਕਿਸਾਨਾਂ ਨੂੰ ਮਜ਼ਬੂਰਨ ਮੱਕੀ ਦੀ ਬਿਜਾਈ ਵੱਲ ਮੁੜਨਾ ਪਿਆ ਹੈ | ਇਸ ਸੰਬੰਧੀ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਬਸੰਤ ਰੁੱਤ ਦੀ ਮੱਕੀ ਨੂੰ ਵਾਧੂ ਪਾਣੀ ਲੱਗਣ ਕਰਕੇ ਮਹਿਕਮੇ ਵਲੋਂ ਕਿਸਾਨਾਂ ਨੂੰ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਸੰਬੰਧੀ ਕੋਈ ਸਿਫਾਰਿਸ਼ ਨਹੀਂ ਕੀਤੀ ਜਾਂਦੀ ਬਲਕਿ ਉਨ੍ਹਾਂ ਨੂੰ ਮੱਕੀ ਦੀ ਥਾਂ ਮੂੰਗੀ, ਮਾਂਹ ਤੇ ਹੋਰ ਦਾਲਾਂ ਤੇ ਬਦਲਵੀਆਂ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਵਲੋਂ ਘੱਟ ਸਮੇਂ 'ਚ ਵੱਧ ਮੁਨਾਫੇ ਦੇ ਚੱਕਰ 'ਚ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਹਿਕਮੇ ਵਲੋਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਕੱਢਣ ਲਈ ਸਾਉਣੀ ਦੀ ਮੱਕੀ ਦੀ ਬਿਜਾਈ ਹੇਠ ਰਕਬਾ ਵਧਾਉਣ ਦੀ ਯੋਜਨਾ ਬਣਾਈ ਗਈ ਹੈ ਤੇ ਇਸ ਵਾਰ ਜਿਹੜੇ ਕਿਸਾਨ ਝੋਨੇ ਦੀ ਥਾਂ ਮੱਕੀ ਦੀ ਬਿਜਾਈ ਕਰਨਗੇ, ਉਨ੍ਹਾਂ ਨੂੰ ਸਰਕਾਰ ਵਲੋਂ 17500 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੂਸੇਵਾਲਾ ਹੱਤਿਆ ਮਾਮਲੇ 'ਚ ਕੇਂਦਰ ਤੇ ਪੰਜਾਬ ਸਰਕਾਰ ਇਨਸਾਫ਼ ਦੇਣ 'ਚ ਨਾਕਾਮ-ਬਲਕੌਰ ਸਿੰਘ ਚੌਥੀ ਬਰਸੀ ਮੌਕੇ ਵੱਡੀ ਗਿ... ਅਗਲੀ ਖ਼ਬਰ ਦੇਸ਼ ਭਰ ਦੀਆਂ ਜੇਲ੍ਹਾਂ 'ਚ ਬੰਦ ਹਨ ਬਿਨਾਂ ਸਜ਼ਾ ਹਜ਼ਾਰਾਂ ਵਿਚਾਰ-ਅਧੀਨ ਕੈਦੀ ਪੰਜਾਬ ਦੀਆਂ ਜੇਲ੍ਹਾਂ 'ਚ 1 ਤੋਂ 2 ਸਾ...
Ad Position 24