ਅੰਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਦੇਸ਼ ਭਰ 'ਚ ਪੇਚ (ਸਕਰਿਊ) ਦਾ ਵੱਡਾ ਉਦਯੋਗ ਪੰਜਾਬ 'ਚ ਹੈ | ਪਹਿਲਾਂ ਤੱਕ ਪੰਜਾਬ ਤੋਂ ਬਣੇ ਪੇਚ ਪੂਰੇ ਭਾਰਤ ਸਮੇਤ ਮੁੱਖ ਤੌਰ 'ਤੇ ਮਹਾਰਾਸ਼ਟਰ, ਕੇਰਲਾ, ਕਰਨਾਟਕ, ਪੱਛਮੀ ਬੰਗਾਲ, ਤਾਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਨੂੰ ਸਪਲਾਈ ਕੀਤੇ ਜਾਂਦੇ ਸਨ, ਪਰ ਕੁਝ ਸਾਲਾਂ ਤੋਂ ਚੀਨ ਤੋਂ ਆਉਣ ਵਾਲਾ ਸਕਰਿਊ ਵੱਡੀ ਮਾਤਰਾ 'ਚ ਭਾਰਤ ਦੀਆਂ ਮੰਡੀਆਂ 'ਚ ਆ ਚੁੱਕਿਆ ਹੈ | ਨਾਰਥ ਇੰਡੀਆ ਸਕਰਿਊ ਮੈਨੂਫੈਕਚਰਜ਼ ਐਂਡ ਟਰੇਡ ਐਸੋਸੀਏਸ਼ਨ ਦੇ ਪ੍ਰਧਾਨ ਰੰਜਨ ਅਗਰਵਾਲ ਦੀ ਅਗਵਾਈ ਹੇਠ ਪੇਚ ਉਦਯੋਗਪਤੀਆਂ ਦੀ ਹੋਈ ਮੀਟਿੰਗ 'ਚ ਉਦਯੋਗਪਤੀਆਂ ਨੇ ਮਾਰਕੀਟ 'ਚ ਆਈ ਮੰਦੀ ਕਰ ਕੇ ਬੰਦ ਹੋਏ ਕਾਰਖ਼ਾਨਿਆਂ ਦੀਆਂ ਪ੍ਰੋਡਕਸ਼ਨਾਂ 'ਤੇ ਚਿੰਤਾ ਜਿਤਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਉਦਯੋਗਪਤੀਆਂ ਦੀ ਸਾਰ ਨਾ ਲਈ ਤਾਂ ਸਕਰਿਊ ਮੈਨੂਫੈਕਚਰਿੰਗ ਉਦਯੋਗ ਆਪਣੀ ਹੋਂਦ ਖ਼ਤਮ ਕਰ ਦੇਵੇਗਾ | ਐਸੋਸੀਏਸ਼ਨ ਨੇ ਪੇਚ ਅਤੇ ਫਾਸਟਨਰ ਆਯਾਤ 'ਤੇ ਅਚਾਨਕ ਗੁਣਵੱਤਾ ਨਿਯੰਤਰਨ ਆਦੇਸ਼ (ਕਊ. ਸੀ. ਓ.) ਲਾਗੂ ਕਰਨ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ | ਪ੍ਰਧਾਨ ਰੰਜਨ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਪੇਚ ਕਾਰੋਬਾਰੀ ਤੇ ਸਨਅਤਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਅਤੇ 'ਵੋਕਲ ਫ਼ਾਰ ਲੋਕਲ' ਦੇ ਦਿ੍ਸ਼ਟੀਕੋਣ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰੀ ਵਪਾਰ ਵਿਰੋਧੀ ਨੀਤੀਆਂ ਕਾਰਨ ਪੂਰੇ ਪੰਜਾਬ 'ਚ ਪੇਚ ਉਦਯੋਗ ਦੀ ਗਿਣਤੀ ਘੱਟ ਰਹੀ ਹੈ | ਅੰਮਿ੍ਤਸਰ ਦਾ ਲਗਭਗ ਸਦੀ ਪੁਰਾਣਾ ਪੇਚ ਉਦਯੋਗ ਵੀ ਵਿਸ਼ਵ-ਵਿਆਪੀ ਤਬਦੀਲੀਆਂ ਕਾਰਨ ਸੁੰਗੜ ਗਿਆ ਹੈ | ਪਹਿਲਾਂ ਇਕੱਲੇ ਅੰਮਿ੍ਤਸਰ 'ਚ ਸਕਰਿਊ ਫ਼ੈਕਟਰੀਆਂ ਦੀ ਗਿਣਤੀ 600 ਸੀ, ਪਰ ਹੁਣ ਬਹੁਤ ਘੱਟ ਬਾਕੀ ਬਚੀਆਂ ਹਨ ਤੇ ਉਹ ਇਕਾਈਆਂ ਵੀ ਮੰਦੀ ਦੇ ਦੌਰ 'ਚੋਂ ਲੰਘ ਰਹੀਆਂ ਹਨ | ਮੀਟਿੰਗ 'ਚ ਸ਼ਾਮਿਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੁਭਾਸ਼ ਅਰੋੜਾ ਨੇ ਮੰਗ ਕੀਤੀ ਕਿ ਫ਼ੈਕਟਰੀਆਂ ਅਤੇ ਬਾਜ਼ਾਰਾਂ 'ਤੇ ਕੀਤੀਆਂ ਜਾ ਰਹੀਆਂ ਸਖ਼ਤੀਆਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ | ਸਰਕਾਰ ਨੂੰ ਇਕ ਪੋਰਟਲ ਸ਼ੁਰੂ ਕਰਨਾ ਚਾਹੀਦਾ ਹੈ ਜਿੱਥੇ ਖਪਤਕਾਰ ਆਪਣੀਆਂ ਤਕਨੀਕੀ ਜ਼ਰੂਰਤਾਂ ਪੋਸਟ ਕਰ ਸਕਣ | ਮੀਟਿੰਗ 'ਚ ਮਹੇਸ਼ ਭਾਟੀਆ, ਸੰਦੀਪ ਅਗਰਵਾਲ, ਨਵਲ ਗੁਪਤਾ, ਅੰਕੁਰ ਗੁਪਤਾ, ਰਾਜਵਿੰਦਰ ਸਿੰਘ, ਕੌਸ਼ਲ ਅਗਰਵਾਲ, ਯਾਨੂ ਅਰੋੜਾ, ਰੌਬਿਨ ਅਗਰਵਾਲ, ਸੁਰਜੀਤ ਸਿੰਘ, ਅੰਕਿਤ ਅਗਰਵਾਲ, ਸੌਰਵ ਅਗਰਵਾਲ, ਸ਼ਸ਼ੀ ਭੂਸ਼ਨ ਅਤੇ ਦਵਿੰਦਰਪਾਲ ਸਿੰਘ ਆਦਿ ਮੈਂਬਰ ਵੀ ਹਾਜ਼ਰ ਸਨ |