ਅੰਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ (ਏ.ਆਈ.ਓ.ਸੀ.ਡੀ.) ਦੇ ਇਕ ਵਫ਼ਦ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਢਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੇਸ਼ 'ਚ ਅਨਿਯੰਤਿ੍ਤ ਅਤੇ ਗ਼ੈਰਕਾਨੂੰਨੀ ਆਨਲਾਈਨ ਫਾਰਮੈਸੀਆਂ ਦੇ ਗੰਭੀਰ ਮੁੱਦੇ ਤੋਂ ਜਾਣੂ ਕਰਵਾਇਆ | ਉਕਤ ਕੌਮੀ ਜਥੇਬੰਦੀ ਦੇ ਅਧੀਨ ਆਉਂਦੀ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਕੌਮੀ ਪ੍ਰਧਾਨ ਜੇ. ਐੱਸ. ਸ਼ਿੰਦੇ ਅਤੇ ਜਨਰਲ ਸਕੱਤਰ ਰਾਜੀਵ ਸਿੰਘਲ ਨੇ ਦੀ ਅਗਵਾਈ 'ਚ ਪਹੁੰਚੇ ਵਫ਼ਦ ਨੇ ਖ਼ਾਸ ਤੌਰ 'ਤੇ ਜੀ. ਐੱਸ. ਆਰ. 817 ਤੇ ਜੀ. ਐੱਸ. ਆਰ. 220 ਦੀ ਦੁਰਵਰਤੋਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਤੇ ਉਨ੍ਹਾਂ ਨੂੰ ਤੁਰੰਤ ਰੱਦ ਕਰਨ ਲਈ ਕੇਂਦਰੀ ਮੰਤਰੀ ਤੋਂ ਦਖ਼ਲ ਦੀ ਅਪੀਲ ਕੀਤੀ | ਆਗੂਆਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਗ਼ੈਰਕਾਨੂੰਨੀ ਆਨਲਾਈਨ ਪਲੇਟਫ਼ਾਰਮ ਖੁੱਲ੍ਹੇਆਮ ਸ਼ਡਿਊਲ ਐੱਚ. 1 ਦਵਾਈਆਂ, ਖੰਘ ਦੀਆਂ ਦਵਾਈਆਂ, ਨਸ਼ੀਲੇ ਪਦਾਰਥਾਂ ਅਤੇ ਆਦਤ ਪਾਉਣ ਵਾਲੀਆਂ ਦਵਾਈਆਂ ਸਮੇਤ ਹੋਰ ਨੁਸਖ਼ੇ ਵਾਲੀਆਂ ਦਵਾਈਆਂ ਬਿਨਾਂ ਕਿਸੇ ਡਾਕਟਰੀ ਪਰਚੀ ਦੇ ਪ੍ਰਦਾਨ ਕਰ ਰਹੇ ਹਨ | ਦੁੱਗਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੱਢਾ ਨੇ ਵਫ਼ਦ ਵਲੋਂ ਸੌਂਪੇ ਮੰਗ ਪੱਤਰ ਦੀ ਸਮੀਖਿਆ ਕੀਤੀ ਅਤੇ ਜਥੇਬੰਦੀ ਦੁਆਰਾ ਉਠਾਏ ਗਏ ਮੁੱਦਿਆਂ ਦੇ ਹਲ ਦਾ ਭਰੋਸਾ ਦਿੱਤਾ | ਉਕਤ ਵਫ਼ਦ 'ਚ ਅਮਿੱਤ ਗਰਗ, ਸੰਦੀਪ ਨਾਗੀਆ, ਅਰਵਿੰਦ ਗੁਪਤਾ, ਯਸ਼ ਅਗਰਵਾਲ, ਸ਼੍ਰੀ ਪ੍ਰਸਾਦ ਦਾਨਵੇ, ਅਜੈ ਗਰਗ, ਸੰਜੀਵ ਪੰਡਿਤ, ਰਿਸ਼ਭ ਕਾਲੀਆ, ਹੇਮੰਤ ਸ਼ਰਮਾ, ਆਸ਼ੂਤੋਸ਼ ਸ਼ਰਮਾ, ਰਮੇਸ਼ ਗੁਪਤਾ ਅਤੇ ਹੋਰ ਸੀਨੀਅਰ ਅਹੁਦੇਦਾਰ ਸ਼ਾਮਿਲ ਸਨ |