ਮਜੀਠਾ, 31 ਮਈ (ਸਹਿਮੀ, ਸੋਖੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੁਕਾਮ ਵਲੋਂ ਹੋਰ ਕਿਸਾਨ ਆਗੂਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਸਮੇਤ ਪੁਲਿਸ ਥਾਣਾ ਮਜੀਠਾ ਅੱਗੇ ਸਾਂਝੇ ਤੌਰ 'ਤੇ ਰੋਸ ਧਰਨਾ ਲਗਾਇਆ | ਇਹ ਰੋਸ ਧਰਨਾ ਪਿੰਡ ਸੋਹੀਆਂ ਕਲਾਂ ਦੇ ਕਿਸਾਨ ਤੇ ਯੂਥ ਅਕਾਲੀ ਆਗੂ ਜੋਬਨਪ੍ਰੀਤ ਸਿੰਘ ਨੂੰ ਅੱਜ ਉਸ ਦੇ ਘਰ ਸੋਹੀਆਂ ਕਲਾਂ ਤੋਂ ਪੁਲਿਸ ਵਲੋਂ ਲਿਆ ਕੇ ਉਸ 'ਤੇ ਚੋਰੀ ਦਾ ਮੁਕਦਮਾ ਦਰਜ ਕਰਨ ਦੇ ਵਿਰੋਧ ਵਿਚ ਲਗਾਇਆ ਗਿਆ | ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਪੁਲਿਸ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ 'ਆਪ' ਵਰਕਰਾਂ ਨਾਲ ਹੋਈ ਲੜਾਈ ਤੋਂ ਬਾਅਦ ਰਾਜਸੀ ਬਦਲੇ ਲੈਣ ਲਈ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਸਿੰਘ ਨਗਰ ਕੌਂਸਲ ਚੋਣਾਂ ਦੌਰਾਨ ਦੋ ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪੋਲਿੰਗ ਏਜੰਟ ਸੀ ਤੇ ਉਸ ਨੂੰ ਨਿਸ਼ਾਨਾ ਬਣਾ ਕੇ ਚੈਨੀ ਚੋਰੀ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੁਕਾਮ ਨੇ ਵੀ ਦੱਸਿਆ ਕਿ ਮਜੀਠਾ ਪੁਲਿਸ ਨੇ ਜੋਬਨਪ੍ਰੀਤ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਉਸਦੇ ਘਰੋਂ ਥਾਣੇ ਲਿਆ ਕੇ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਹੋਇਆ ਸੀ | ਉਕਤ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਦਾ ਵਿਸ਼ਵਾਸ ਦਿਵਾਉਣ 'ਤੇ ਹੀ ਧਰਨਾਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ | ਇਸ ਧਰਨੇ ਵਿਚ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਵਰਕਰਾਂ ਤੇ ਕਿਸਾਨਾਂ ਨੇ ਵੀ ਭਾਗ ਲਿਆ |