ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ ਹਾਸਿਆਂ ਨਾਲ ਭਰਪੂਰ ਫ਼ਿਲਮ 'ਕੈਰੀ ਆਨ ਜੱਟਾ-4' <br/>
ਅਜੀਤ ਡੈਸਕ
02-06-2026
ਜਲੰਧਰ, 1 ਜੂਨ-ਦਰਸ਼ਕਾਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਹਾਸਿਆਂ ਨਾਲ ਭਰਪੂਰ ਫਿਲਮ 'ਕੈਰੀ ਆਨ ਜੱਟਾ-4' ਇਸੇ ਮਹੀਨੇ ਦੀ 26 ਤਰੀਕ ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ | ਫਿਲਮ ਦੇ ਪ੍ਰਚਾਰ ਲਈ ਫਿਲਮ ਦੇ ਅਦਾਕਾਰ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਤੇ ਅਦਾਕਾਰ ਬੀਨੂੰ ਢਿੱਲੋਂ ਅੱਜ ਵਿਸ਼ੇਸ਼ ਤੌਰ 'ਤੇ 'ਅਜੀਤ' ਭਵਨ ਵਿਖੇ ਪੁੱਜੇ, ਜਿੱਥੇ ਉਨ੍ਹਾਂ ਫਿਲਮ ਬਾਰੇ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਸਾਂਝੇ ਕੀਤੇ, ਉੱਥੇ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਹ ਨਵੀਂ ਫਿਲਮ 'ਕੈਰੀ ਆਨ ਜੱਟਾ-4' ਵੀ ਪਹਿਲੀਆਂ ਫਿਲਮਾਂ ਵਾਂਗ ਹੀ ਦਰਸ਼ਕਾਂ ਨੂੰ ਖੂਬ ਹਸਾਉਣ ਤੇ ਉਨ੍ਹਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡਣ 'ਚ ਕਾਮਯਾਬ ਰਹੇਗੀ | ਫਿਲਮ 'ਚ ਮਰਹੂਮ ਅਦਾਕਾਰ ਤੇ ਉੱਘੇ ਕਾਮੇਡੀਅਨ ਜਸਵਿੰਦਰ ਭੱਲਾ ਵੀ ਏ. ਆਈ. ਦੀ ਤਕਨੀਕ ਨਾਲ ਪਰਦੇ 'ਤੇ ਦਿਖਾਈ ਦੇਣਗੇ ਤੇ ਉਨ੍ਹਾਂ ਦੀ ਹਾਜ਼ਰੀ ਜਿੱਥੇ ਫਿਲਮ ਦੀ ਸਫਲਤਾ ਦੀ ਕਸੌਟੀ ਸਮਝੀ ਜਾ ਰਹੀ ਹੈ, ਉੱਥੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਵੀ ਉਨ੍ਹਾਂ ਦੀ ਝਲਕ ਦੇਖਣ ਨੂੰ ਮਿਲੇਗੀ | ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨੇ ਕਿਹਾ ਕਿ ਜਸਵਿੰਦਰ ਭੱਲਾ ਦੀ ਕਮੀ ਨੂੰ ਬੇਸ਼ੱਕ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਫਿਲਮ 'ਚ ਉਨ੍ਹਾਂ ਨੂੰ ਹੂਬਹੂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਮੀਦ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਕਿਰਦਾਰ ਜ਼ਰੂਰ ਪਸੰਦ ਆਵੇਗਾ | ਉਨ੍ਹਾਂ ਦੱਸਿਆ ਕਿ ਫਿਲਮ 'ਚ ਹੋਰਨਾਂ ਕਲਾਕਾਰਾਂ ਦੇ ਨਾਲ ਜਸਵਿੰਦਰ ਭੱਲਾ ਦੇ ਬੇਟੇ ਪੁਖਰਾਜ ਭੱਲਾ ਨੇ ਵੀ ਵਧੀਆ ਕੰਮ ਕੀਤਾ ਹੈ | ਸਰਗੁਣ ਮਹਿਤਾ ਨੇ ਕਿਹਾ ਕਿ ਏਨੇ ਸੁਲਝੇ ਹੋਏ ਤੇ ਵਧੀਆ ਕਲਾਕਾਰਾਂ ਨਾਲ ਕੰਮ ਕਰਨਾ ਉਸ ਲਈ ਇਕ ਚੁਣੌਤੀ ਸੀ ਪਰ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਸਮੇਤ ਸਾਰੇ ਹੀ ਕਲਾਕਾਰਾਂ ਨੇ ਉਨ੍ਹਾਂ ਨੂੰ ਹਮੇਸ਼ਾਂ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ 'ਅਰਦਾਸ' ਤੇ 'ਅਕਾਲ' ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਫਿਲਮਾਂ ਬਣਾਈਆਂ ਹਨ ਤੇ ਦਰਸ਼ਕਾਂ ਵਲੋਂ ਉਨ੍ਹਾਂ ਨੂੰ ਬਹੁਤ ਪਸੰਦ ਵੀ ਕੀਤਾ ਗਿਆ ਹੈ ਪਰ ਕੈਰੀ ਆਨ ਜੱਟਾ-1, 2 ਤੇ 3 ਦੀ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਸਾਹਮਣੇ ਇਸ ਚੌਥੀ ਫਿਲਮ ਨੂੰ ਵੀ ਉਸੇ ਪੱਧਰ ਦੀ ਬਣਾਉਣ ਦੀ ਸਖਤ ਚੁਣੌਤੀ ਸੀ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕ 26 ਜੂਨ ਨੂੰ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਪੂਰੇ ਨੰਬਰ ਦੇਣਗੇ | ਗਿੱਪੀ ਤੇ ਬੀਨੂੰ ਢਿੱਲੋਂ ਨੇ ਦਰਸ਼ਕਾਂ ਨੂੰ ਕੈਰੀ ਆਨ ਜੱਟਾ-4 ਫਿਲਮ ਦੇਖਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਫਿਲਮ ਆਪਣੇ ਪਰਿਵਾਰਕ ਮੈਂਬਰਾਂ ਤੇ ਯਾਰਾਂ ਦੋਸਤਾਂ ਨਾਲ ਦੇਖਣੀ ਚਾਹੀਦੀ ਹੈ | ਦੱਸਣਯੋਗ ਹੈ ਕਿ ਇਸ ਨੂੰ ਉੱਘੇ ਨਿਰਦੇਸ਼ਕ ਸਮੀਪ ਕੰਗ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਤੇ ਕਈ ਹੋਰ ਨਾਮਵਰ ਕਲਾਕਾਰਾਂ ਨੇ ਵੀ ਫਿਲਮ 'ਚ ਕੰਮ ਕੀਤਾ ਹੈ |