ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਬੇਰੁਜ਼ਗਾਰ ਅਧਿਆਪਕਾਂ ਵਲੋਂ ਪੰਜਾਬ ਵਿਚ ਅਧਿਆਪਕਾਂ ਦੀ ਭਰਤੀ ਨਾ ਹੋਣ ਦੇ ਰੋਸ ਵਜੋਂ ਸੰਗਰੂਰ ਵਿਖੇ ਪਿਛਲੇ 6 ਮਹੀਨਿਆਂ ਤੋਂ ਪੱਕਾ ਧਰਨਾ ਜਾਰੀ ਹੈ | ਇਸ ਲੜੀ ਨੂੰ ਅੱਗੇ ਵਧਾਉਂਦਿਆਂ ਬੇਰੁਜ਼ਗਾਰਾਂ ਵਲੋਂ 10 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਸੱਥ ਲਾਈ ਜਾ ਰਹੀ ਹੈ | ਕਦੇ ਮੱਝ ਅੱਗੇ ਬੀਨ, ਕਦੇ ਰੈਲੀਆਂ ਦੌਰਾਨ ਪ੍ਰਦਰਸ਼ਨ, ਕਦੇ ਡਾਂਗਾਂ 'ਤੇ, ਕਦੇ ਪਾਣੀ ਦੀਆਂ ਬੁਛਾਰਾਂ ਅਤੇ ਮੁੜ ਘਿੜ ਕੇ ਮੀਟਿੰਗਾਂ ਅਤੇ ਫਿਰ ਮਿੱਠੇ-ਮਿੱਠੇ ਲਾਰੇ ਮੁੱਕਣ ਦਾ ਨਾਂਅ ਨਹੀਂ ਲੈ ਰਹੇ ਅਤੇ ਸਵਾ ਚਾਰ ਸਾਲ ਲੰਘ ਗਏ ਹਨ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਲੈਕਚਰਾਰਾਂ ਦੀ ਆਖ਼ਰੀ ਭਰਤੀ ਸਾਲ 2016 ਵਿਚ ਕੀਤੀ ਸੀ | ਸਕੂਲ ਲੈਕਚਰਾਰ ਕੇਡਰ ਦੀਆਂ ਸਰਕਾਰੀ ਸਕੂਲਾਂ ਵਿਚ 16,000 ਤੋਂ ਵੱਧ ਅਸਾਮੀਆਂ ਮਨਜ਼ੂਰਸ਼ੁਦਾ ਹਨ | ਪੰਜਾਬ ਭਰ ਵਿਚ 2200 ਸੈਕੰਡਰੀ ਸਕੂਲ ਹਨ | ਸਿੱਧੀ ਭਰਤੀ ਅਤੇ ਤਰੱਕੀਆਂ ਨਾ ਹੋਣ ਕਰਕੇ ਸਰਕਾਰੀ ਸਕੂਲਾਂ ਕੋਲ ਹੁਣ 5 ਤੋਂ 6 ਹਜ਼ਾਰ ਅਧਿਆਪਕ ਬਚੇ ਹਨ, ਕਿਉਂਕਿ ਹਜ਼ਾਰਾਂ ਲੈਕਚਰਾਰ ਸੇਵਾ-ਮੁਕਤ ਹੋ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਅੰਦਰ 16000 ਅਸਾਮੀਆਂ ਵਿਚੋਂ 12000 ਅਸਾਮੀਆਂ ਮਾਸਟਰ ਕੇਡਰ ਵਿਚੋਂ ਭਾਵ 75 ਫੀਸਦੀ ਪੋਸਟਾਂ ਤਰੱਕੀ ਰਾਹੀਂ ਭਰੀਆਂ ਜਾਂਦੀਆਂ ਹਨ ਅਤੇ 25 ਫੀਸਦੀ ਪੋਸਟਾਂ ਭਾਵ ਤਕਰੀਬਨ 4000 ਪੋਸਟਾਂ ਨਵੀਂ ਅਤੇ ਸਿੱਧੀ ਭਰਤੀ ਦੀਆਂ ਹਨ, ਜੋ ਕਿ 2016 ਤੋਂ ਬਾਅਦ ਕਿਸੇ ਦੀ ਸਰਕਾਰ ਨੇ ਨਹੀਂ ਭਰੀਆਂ | 50 ਫੀਸਦੀ ਸਕੂਲਾਂ ਅੰਦਰ ਪਿ੍ੰਸੀਪਲ ਨਹੀਂ ਹਨ, ਸੈਂਕੜੇ ਸਕੂਲਾਂ ਅੰਦਰ ਇਕ ਵੀ ਲੈਕਚਰਾਰ ਨਹੀਂ ਹੈ | ਲੱਖਾਂ ਵਿਦਿਆਰਥੀਆਂ ਦੇ ਮਾਪੇ ਇਸ ਗੱਲੋਂ ਕਾਫ਼ੀ ਪਰੇਸ਼ਾਨ ਹਨ ਕਿ ਲੜਾਈ-ਝਗੜੇ ਵਧ ਰਹੇ ਹਨ ਅਤੇ ਸਕੂਲਾਂ ਦੀ ਪੜ੍ਹਾਈ ਠੱਪ ਹੋ ਚੁੱਕੀ ਹੈ | ਪਰ ਕਦੇ 1500 ਲੈਕਚਰਾਰਾਂ ਦੀ ਭਰਤੀ, ਕਦੇ 2000 ਲੈਕਚਰਾਰਾਂ ਦੀ ਭਰਤੀ ਕਰਨ ਦੇ ਦਿਲਾਸੇ ਦੇ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ | ਕਦੇ ਟੈੱਸਟ ਲਈ ਸਿਲੇਬਸ ਦੀ ਚਿੱਠੀ 'ਤੇ ਕਦੇ ਕੋਈ ਹੋਰ ਚਿੱਠੀ ਕੱਢ ਕੇ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ | ਸਿੱਖਿਆ ਸੁਧਾਰ ਕਮੇਟੀ ਪੰਜਾਬ ਦੇ ਬੁਲਾਰੇ ਹੰਸ ਰਾਜ ਨੇ ਦੱਸਿਆ ਕਿ 2200 ਸਕੂਲਾਂ ਵਿਚੋਂ 800 ਤੋਂ ਵੱਧ ਸਕੂਲਾਂ ਅੰਦਰ ਪੰਜਾਬੀ ਮਾਂ-ਬੋਲੀ ਦਾ ਹੀ ਲੈਕਚਰਾਰ ਨਹੀਂ ਹੈ | ਇਹੋ ਹਾਲ ਅੰਗਰੇਜ਼ੀ ਵਿਸ਼ੇ ਦਾ ਹੈ, ਇੱਥੇ ਵੀ 600-700 ਲੈਕਚਰਾਰਾਂ ਦੀ ਘਾਟ ਹੈ | ਹਿਊਮੈਨਿਟੀਜ਼ ਆਰਟਸ ਗਰੁੱਪ ਦਾ ਸਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਵਿਸ਼ਾ ਹਿਸਟਰੀ ਹੈ, ਪਰ ਸਭ ਤੋਂ ਮਾੜਾ ਹਾਲ ਇਸੇ ਵਿਸ਼ੇ ਦਾ ਹੈ ਤੇ 800 ਪੋਸਟਾਂ ਖ਼ਾਲੀ ਹਨ | ਬਾਕੀ ਵਿਸ਼ਿਆਂ ਦਾ ਵੀ ਚੰਗਾ ਹਾਲ ਨਹੀਂ ਹੈ, ਜਿਸ ਕਾਰਨ ਲੱਖਾਂ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ | ਹੰਸ ਰਾਜ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਪੰਜਾਬ ਵਿਚ ਵਾਕਿਆ ਹੀ ਸਿੱਖਿਆ ਕ੍ਰਾਂਤੀ ਆ ਸਕਦੀ ਹੈ ਤਾਂ ਇਹ ਅਧਿਆਪਕਾਂ ਤੋਂ ਬਿਨਾਂ ਸੰਭਵ ਨਹੀਂ ਹੈ | ਇਸ ਕਰਕੇ 4000 ਲੈਕਚਰਾਰ, 15000 ਮਾਸਟਰ ਕੇਡਰ ਅਤੇ 12000 ਈ.ਟੀ.ਟੀ.ਕੇਡਰ ਦੀ ਭਰਤੀ ਜਲਦੀ ਸ਼ੁਰੂ ਹੋਣੀ ਚਾਹੀਦੀ ਹੈ, ਤਾਂ ਹੀ ਬੇਰੁਜ਼ਗਾਰਾਂ ਨੂੰ ਰਾਹਤ ਮਿਲ ਸਕਦੀ ਹੈ |