08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਸੰਸਦੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-06-2026

ਚੰਡੀਗੜ੍ਹ, 2 ਜੂਨ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੰਸਦ ਦੀ ਖੇਤੀਬਾੜੀ, ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ ਸਟੈਂਡਿੰਗ ਕਮੇਟੀ ਨਾਲ ਮੀਟਿੰਗ ਕਰਕੇ ਖੇਤੀ ਨੂੰ ਬਚਾਉਣ ਦੀ ਗੁਹਾਰ ਲਾਈ ਹੈ | ਮੀਟਿੰਗ ਦੌਰਾਨ ਜਥੇਬੰਦੀਆਂ ਨੇ ਸਟੈਂਡਿੰਗ ਕਮੇਟੀ ਨੂੰ ਕਿਸਾਨਾਂ, ਮਜ਼ਦੂਰਾਂ, ਸਰਹੱਦ ਪਾਰਲੀਆਂ ਜ਼ਮੀਨਾਂ, ਪੰਜਾਬ ਦੇ ਭਖਦੇ ਮੁੱਦਿਆਂ ਸਮੇਤ ਅਮਰੀਕਾ ਭਾਰਤ ਮੁਕਤ ਵਪਾਰ ਸਮਝੌਤੇ ਤੇ ਆਪਣੀਆਂ ਮੰਗਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ | ਮੀਟਿੰਗ ਤੋਂ ਬਾਅਦ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਤੇਜਿੰਦਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕੇਂਦਰ ਤੋਂ ਆਈ ਸੰਸਦੀ ਸਟੈਂਡਿੰਗ ਕਮੇਟੀ ਅੱਗੇ ਪੰਜਾਬ ਦੀਆਂ ਸਮੂਹ ਕਿਸਾਨ ਯੂਨੀਅਨਾਂ ਵਲੋਂ ਖੇਤੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਜ਼ੁਬਾਨੀ ਦੱਸਣ ਦੇ ਨਾਲ ਨਾਲ ਲਿਖਤੀ ਰੂਪ ਵਿਚ ਮੰਗ ਪੱਤਰ ਦਿੱਤੇ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਰੱਦ ਕਰਨ, ਦਰਿਆਈ ਪਾਣੀਆਂ ਦਾ ਰਿਪੇਰੀਅਨ ਰਾਹੀਂ ਹੱਲ ਕਰਨ, ਧਾਰਾ 78,79,80 ਰੱਦ ਕਰਨ ਸਮੇਤ ਹਰ ਘਰ ਤੇ ਖੇਤ ਨੂੰ ਨਹਿਰੀ ਪਾਣੀ ਦੀ ਮੰਗ ਰੱਖੀ ਗਈ ਹੈ | ਉਨ੍ਹਾਂ ਦੱਸਿਆ ਕਿ ਡੀਜ਼ਲ, ਪੈਟਰੋਲ, ਗੈਸ, ਖਾਦਾਂ ਅਤੇ ਕੀਟਨਾਸ਼ਕਾਂ ਦੀਆਂ ਕੀਮਤਾਂ ਲਗਾਤਾਰ ਵਧਾਉਣ, ਯੂਰੀਆ ਦੇ ਥੱਲੇ ਵਿਚ ਪੰਜ ਕਿਲੋਂ ਦੀ ਕਟੌਤੀ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਸਹਿਕਾਰੀ ਸੁਸਾਇਟੀਆਂ ਰਾਹੀਂ ਕਰਜ਼ੇ ਦੀ ਹੱਦ ਵਧਾਉਣ ਸਮੇਤ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. 'ਤੇ ਖਰੀਦ ਗਰੰਟੀ ਲਈ ਕਾਨੂੰਨ ਬਣਾਉਣ ਆਦਿ ਮੰਗਾਂ ਜ਼ੋਰਦਾਰ ਢੰਗ ਨਾਲ ਰੱਖੀ ਗਈਆਂ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਵਲੋਂ ਵੀ ਗੁਰਨਾਮ ਸਿੰਘ ਚੜੂਨੀ ਨੇ ਕਮੇਟੀ ਅੱਗੇ ਆਪਣੀਆਂ ਮੰਗਾਂ ਰੱਖੀਆਂ | ਬੀ.ਕੇ.ਯੂ. ਆਗੂ ਮਨਜੀਤ ਸਿੰਘ ਰਾਏ ਕਮੇਟੀ ਨਾਲ ਹੋਈ ਗੱਲਬਾਤ ਨੂੰ ਸਾਰਥਕ ਦੱਸਦਿਆਂ ਕਿਹਾ ਕਿ ਇਸ ਕਮੇਟੀ ਦੇ ਚੇਅਰਮੈਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ | ਇਸ ਲਈ ਕਿਸਾਨਾਂ ਨੂੰ ਉਮੀਦ ਹੈ ਕਿ ਇਹ ਸੰਸਦੀ ਕਮੇਟੀ ਖੇਤੀ, ਦੁੱਧ ਕਾਰੋਬਾਰ ਅਤੇ ਹੋਰ ਸਹਾਇਕ ਧੰਦਿਆਂ ਨੂੰ ਬਚਾਉਣ ਲਈ ਜ਼ਰੂਰ ਯਤਨ ਕਰੇਗੀ | ਅੱਜ ਦੀ ਮੀਟਿੰਗ ਵਿਚ ਉਕਤ ਤੋਂ ਇਲਾਵਾ ਬੀ.ਕੇ.ਯੂ. ਕ੍ਰਾਂਤੀਕਾਰ ਤੋਂ ਬੀਬੀ ਸੁਖਵਿੰਦਰ ਕੌਰ, ਬਲਦੇਵ ਸਿੰਘ ਜ਼ੀਰਾ, ਮੁਕੇਸ਼ ਚੰਦਰ, ਮਨਜੀਤ ਸਿੰਘ ਧਨੇਰ, ਕੁਲਦੀਪ ਸਿੰਘ ਧਮੜੈਤ, ਮਨਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਅਗਲੀ ਖ਼ਬਰ ਪੰਜਾਬ ਕਾਂਗਰਸ ਵਲੋਂ 'ਨੀਟ' ਪੇਪਰ ਲੀਕ ਮਾਮਲੇ ਵਿਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਰੋਸ ਮਾਰਚ ਅਤੇ ਧਰਨੇ
Ad Position 24